ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਮਾਂ ਧੀ ਤੋਂ ਖੋਹੀ ਕਾਰ
ਬੇਗੋਵਾਲ, (ਕਪੂਰਥਲਾ), 16 ਮਈ (ਸੁਖਜਿੰਦਰ ਸਿੰਘ)- ਬੀਤੀ ਰਾਤ ਕਸਬਾ ਬੇਗੋਵਾਲ ਦੇ ਅੱਡਾ ਸਤਿਗੁਰ ਚੌਂਕ ’ਚ ਦੋ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਮਾਵਾਂ ਧੀਆਂ ਤੋਂ ਕਾਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਪੀੜਤ ਔਰਤ ਰੁਪਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਥਾਣਾ ਬੇਗੋਵਾਲ ਨੇ ਦੱਸਿਆ ਕਿ ਉਹ ਆਪਣੀ ਸਵਿਫ਼ਟ ਕਾਰ ਪੀ.ਬੀ.09 ਯੂ. 7344 ਹੋ ਕੇ ਆਪਣੇ ਮਾਤਾ ਪਿਤਾ ਨੂੰ ਪਿੰਡ ਟਾਹਲੀ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਛੱਡ ਕੇ ਵਾਪਸ ਆਪਣੇ ਪਿੰਡ ਨੰਗਲ ਲੁਬਾਣਾ ਨੂੰ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦ ਉਹ ਬੀਤੀ ਰਾਤ ਬੇਗੋਵਾਲ ਅੱਡਾ ਸਤਿਗੁਰੂ ਰਾਖਾ ਚੌਂਕ ਵਿਚ ਪੁੱਜੇ ਤਾਂ ਉਥੋਂ ਕੁਝ ਸਮਾਨ ਲੈਣ ਲਈ ਗੱਡੀ ਹੌਲੀ ਕੀਤੀ ਤਾਂ ਦੋ ਨੌਜਵਾਨਾਂ, ਜਿਨ੍ਹਾਂ ਨੇ ਗਲਾਂ ਵਿਚ ਕਾਲੇ ਸਾਫੇ ਪਾਏ ਹੋਏ ਸਨ ਤੇ ਸਾਡੇ ਕੋਲੋਂ ਪਿਸਟਲ ਦੀ ਨੋਕ ’ਤੇ ਕਾਰ ਦੀ ਮੰਗ ਕਰਨ ਲੱਗੇ, ਇਸ ਦੌਰਾਨ ਮੈਂ ਤੇ ਮੇਰੇ ਨਾਲ ਬੈਠੀ ਮੇਰੀ ਬੇਟੀ ਕਮਲਪ੍ਰੀਤ ਕੌਰ, ਡਰ ਗਈਆਂ ਅਤੇ ਗੱਡੀ ’ਚੋਂ ਬਾਹਰ ਨਿਕਲ ਆਈਆਂ ਤੇ ਲੁਟੇਰੇ ਸਾਡੀ ਕਾਰ ਖੋਹ ਕੇ ਟਾਂਡੇ ਵੱਲ ਨੂੰ ਭੱਜ ਗਏ। ਪੀੜਤ ਨੇ ਦੱਸਿਆ ਕਿ ਇਸ ਕਾਰ ਵਿਚ ਸਾਡੇ ਖਰੀਦੇ ਹੋਏ ਨਵੇਂ ਕੱਪੜੇ ਅਤੇ ਘਰ ਦੀਆਂ ਚਾਬੀਆਂ ਸਨ, ਉਹ ਵੀ ਨਾਲ ਲੈ ਗਏ। ਇਸ ਸੰਬੰਧੀ ਉਨ੍ਹਾਂ ਨੇ ਬੇਗੋਵਾਲ ਥਾਣੇ ਨੂੰ ਸੂਚਨਾ ਦੇ ਦਿੱਤੀ ਹੈ।