16-05-2025
ਪਾਪ ਦਾ ਅੰਤ
ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਪਾਪ ਇਨ੍ਹਾਂ ਕੁ ਵੱਧ ਚੁੱਕਾ ਹੈ ਕਿ ਪਾਪੀਆਂ ਦੀਆਂ ਵਾਰਦਾਤਾਂ ਸੁਣ ਕੇ ਕੰਨਾਂ ਨੂੰ ਹੱਥ ਲੱਗਦੇ ਸੀ ਅਤੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਅੱਤਵਾਦ, ਚੋਰੀ, ਡਕੈਤੀ, ਕਾਲਾਬਾਜ਼ਾਰੀ, ਜਬਰ-ਜਨਾਹ, ਭ੍ਰਿਸ਼ਟਾਚਾਰ, ਕਤਲ, ਨਸ਼ਾਖੋਰੀ ਦਾ ਬੋਲਬਾਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਕਲਯੁਗੀ ਜੀਵ ਖ਼ੁਦ ਨੂੰ ਅਮਰ ਸਮਝੀ ਬੈਠੇ ਸਨ ਅਤੇ ਬੇਖ਼ੌਫ ਹੋ ਕੇ ਮਾਸੂਮਾਂ 'ਤੇ ਆਪਣੀ ਧੌਂਸ ਜਮਾਉਂਦੇ ਸਨ। ਕਹਿੰਦੇ ਹਨ ਕਿ ਅੱਤ ਦਾ ਅੰਤ ਇੱਕ ਦਿਨ ਜ਼ਰੂਰ ਹੁੰਦਾ ਹੈ ਅਤੇ ਅੱਤ ਦਾ ਵੀ ਰੱਬ ਵੈਰੀ ਹੁੰਦਾ ਹੈ। ਦੇਸ਼ ਵਿਚ ਜੋ ਵੀ ਹੋ ਰਿਹਾ ਹੈ ਅਤੇ ਅਗਾਂਹ ਜੋ ਵੀ ਹੋਏਗਾ, ਇਹ ਸਭ ਸਾਡੇ ਕਰਮਾਂ ਦਾ ਹੀ ਨਤੀਜਾ ਹੋਏਗਾ। ਜੇਕਰ ਅਸੀਂ ਮਾੜੇ ਕਰਮ ਅਤੇ ਅਪਰਾਧ ਤਿਆਗ ਕੇ ਚੰਗੇ ਕਰਮ ਕਰਾਂਗੇ ਤਾਂ ਦੇਸ਼ ਵਿਚ ਪਿਆਰ- ਮੁਹੱਬਤ ਅਤੇ ਸ਼ਾਂਤੀ ਦੀ ਲਹਿਰ ਜ਼ਰੂਰ ਬਰਕਰਾਰ ਹੋਵੇਗੀ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਸੜਕ ਹਾਦਸੇ ਅਤੇ ਇਲਾਜ
ਸੜਕ ਹਾਦਸੇ ਆਮ ਹੀ ਹੁੰਦੇ ਰਹਿੰਦੇ ਹਨ ਪਰ ਅਫ਼ਸੋਸ ਇੱਕ ਸੜਕ ਹਾਦਸੇ ਨਾਲ ਅਗਲਾ ਹਾਦਸਾ ਵੀ ਹੋ ਜਾਂਦਾ ਸੀ ਕਿ ਹਾਦਸਾਗ੍ਰਸਤ ਨੂੰ ਕੋਈ ਚੁੱਕਣ ਲਈ ਤਿਆਰ ਨਹੀਂ ਸੀ। ਪਹਿਲੀ ਗੱਲ ਪੈਸਿਆਂ ਤੋਂ ਬਿਨਾਂ ਹਸਪਤਾਲ ਥੋੜ੍ਹਾ ਕੀਤਾ ਜ਼ਿੰਮੇਵਾਰੀ ਨਹੀਂ ਲੈਂਦਾ ਸੀ, ਉਸ ਤੋਂ ਬਾਅਦ ਕਾਨੂੰਨੀ ਸਮੱਸਿਆ। ਹਾਦਸਾਗ੍ਰਸਤ ਨੂੰ ਜੇ ਕੋਈ ਚੁੱਕਦਾ ਤਾਂ ਕਾਨੂੰਨੀ ਅੜਚਨਾਂ ਪੈਦਾ ਹੋਣ ਦਾ ਖਦਸ਼ਾ ਰਹਿੰਦਾ ਸੀ। ਹੁਣ ਪੰਜਾਬ ਨੇ ਇਸ ਬਾਰੇ ਗੰਭੀਰਤਾ ਵਿਖਾ ਕੇ ਸਪੈਸ਼ਲ ਸੜਕ ਫੋਰਸ ਆਦਿ ਉਪਲਬਧ ਕਰਵਾਈ ਹੈ।
ਕੇਂਦਰੀ ਸਰਕਾਰ ਨੇ 5 ਮਈ ਨੂੰ ਨੋਟੀਫਿਕੇਸ਼ਨ ਕਰ ਕੇ ਸੜਕੀ ਹਾਦਸਿਆਂ ਪ੍ਰਤੀ ਹਾਦਸਾਗ੍ਰਸਤਾਂ ਨੂੰ ਰਾਹਤ ਦਿੱਤੀ ਹੈ। ਇਸ ਨਾਲ ਪਹਿਲੇ ਸੱਤ ਦਿਨਾਂ ਲਈ ਡੇਢ ਲੱਖ ਰੁਪਏ ਤੱਕ ਕੈਸ਼ਲੈੱਸ ਸਕੀਮ ਦੀ ਸਹੂਲਤ ਦਿੱਤੀ ਗਈ ਹੈ। ਇਸ ਸਕੀਮ ਦਾ ਮਕਸਦ ਸਮੇਂ 'ਤੇ ਮੈਡੀਕਲ ਸਹੂਲਤ ਪ੍ਰਦਾਨ ਕਰਨਾ ਹੈ। ਕੇਂਦਰੀ ਸਰਕਾਰ ਨੇ ਸੂਬਾਈ ਸਿਹਤ ਸਿਸਟਮ ਨਾਲ ਰਾਬਤਾ ਬਣਾਉਣ ਲਈ ਕਿਹਾ ਹੈ। ਇਸ ਸਕੀਮ ਨਾਲ ਅਤੇ ਪੰਜਾਬ ਸਰਕਾਰ ਦੀਆਂ ਸਪੈਸ਼ਲ ਸੜਕ ਫੋਰਸ ਟੀਮਾਂ ਨਾਲ ਮਨ ਵਿਚੋਂ ਡਰ ਨਿਕਲਣ ਨਾਲ ਸੜਕ ਹਾਦਸਿਆਂ ਦੀ ਗਿਣਤੀ ਘਟੇਗੀ। ਇਹ ਸਮੇਂ ਦੀ ਲੋੜ ਤੇ ਢੁਕਵੇਂ ਉਪਰਾਲੇ ਹਨ।
-ਸੁਖਪਾਲ ਸਿੰਘ ਗਿੱਲਅਬਿਆਣਾ ਕਲਾਂ
ਕਣਕ ਦਾ ਭਿੱਜਣਾ ਦੁਖਦਾਈ
ਬਹੁਤੇ ਭਾਰਤੀ ਭੋਜਨ ਦੀ ਇੱਕ ਬੁਰਕੀ ਨੂੰ ਵੀ ਬਰਬਾਦ ਕਰਨਾ ਪਾਪ ਸਮਝਦੇ ਹਨ। ਸਾਡੇਇੱਥੇ, ਪਲੇਟ ਵਿਚ ਬਚਿਆ ਭੋਜਨ ਕੂੜੇਦਾਨ ਵਿਚ ਸੁੱਟ ਕੇ ਬਰਬਾਦ ਨਹੀਂ ਕੀਤਾ ਜਾਂਦਾ; ਇਸ ਦੀ ਬਜਾਏ ਇਹ ਪੰਛੀਆਂ, ਜਾਨਵਰਾਂ ਆਦਿ ਨੂੰ ਅਰਪਿਤ ਕੀਤਾ ਜਾਂਦਾ ਹੈ।ਇਸ ਲਈ, ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਰਾਜ ਦੀਆਂ ਵੱਖ-ਵੱਖ ਥਾਵਾਂ 'ਤੇ ਮੰਡੀਆਂ ਵਿਚ ਲਿਫਟਿੰਗ ਦੀ ਹੌਲੀ ਰਫ਼ਤਾਰ ਕਾਰਨ ਖੁੱਲ੍ਹੇ ਵਿਚ ਪਈਆਂ ਤਾਜ਼ੀ ਕਣਕ ਦੀਆਂ ਹਜ਼ਾਰਾਂ ਬੋਰੀਆਂ ਦੀਆਂ ਮੀਂਹ ਦੇ ਪਾਣੀ ਵਿਚ ਭਿੱਜਣ ਦੀਆਂ ਖਬਰਾਂ ਆ ਰਹੀਆਂ ਹਨ।ਸੰਬੰਧਿਤ ਅਧਿਕਾਰੀਆਂ ਵਲੋਂ ਮੰਡੀਆਂ ਵਿਚ ਅਨਾਜ ਦੀ ਸੁਰੱਖਿਅਤ ਸਟੋਰੇਜ ਅਤੇ ਸਮੇਂ ਸਿਰ ਲਿਫਟਿੰਗ ਲਈ ਢੁਕਵੇਂ ਪ੍ਰਬੰਧ ਕਰਨ ਦੇ ਭਰੋਸਿਆਂ ਦੇ ਬਾਵਜੂਦ, ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਹੈ ਕਿ ਲਗਭਗ ਹਰ ਫਸਲੀ ਸੀਜ਼ਨ ਵਿਚ ਅਨਾਜ ਦਾ ਅਜਿਹਾ ਨੁਕਸਾਨ ਅਤੇ ਬਰਬਾਦੀ ਹੁੰਦੀ ਹੈ।
-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ।
ਦੁੱਧ ਦੀਆਂ ਕੀਮਤਾਂ ਵਿਚ ਵਾਧਾ
ਦਿਨ-ਬ-ਦਿਨ ਵੱਧਦੀ ਜਾ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਹੀ ਮੁਸ਼ਕਿਲ ਕਰ ਦਿੱਤਾ ਹੈ। ਜਦੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਰੇਟਾਂ ਵਿਚ ਵਾਧਾ ਹੁੰਦਾ ਹੈ। ਪਿਛਲੇ ਦਿਨੀਂ ਦੁੱਧ ਕੰਪਨੀਆਂ ਵਲੋਂ ਅਚਾਨਕ ਹੀ ਦੁੱਧ ਦੀਆਂ ਕੀਮਤਾਂ 'ਚ ਵੀ ਵਾਧਾ ਕਰ ਦਿੱਤਾ ਜਾਂਦਾ ਹੈ। ਇਸ ਵਾਧੇ ਨਾਲ ਆਮ ਲੋਕਾਂ 'ਤੇ ਮਹਿੰਗਾਈ ਦਾ ਬਹੁਤ ਜ਼ਿਆਦਾ ਬੁਰਾ ਅਸਰ ਪਏਗਾ। ਦੁੱਧ ਹਰ ਘਰ ਦੀ ਨਿੱਤ ਵਰਤੋਂ ਦੀ ਜ਼ਰੂਰਤ ਹੈ। ਕਿਉਂਕਿ ਚਾਹ ਅਤੇ ਦੁੱਧ ਸਾਡੇ ਆਮ ਘਰਾਂ ਵਿਚ ਕਾਫੀ ਮਾਤਰਾ ਵਿਚ ਵਰਤਿਆ ਜਾਂਦਾ ਹੈ। ਪਿੰਡਾਂ ਵਿਚੋਂ ਦੁੱਧ ਦੇਣ ਵਾਲੇ ਪਸ਼ੂਆਂ ਦਾ ਘੱਟਣਾ ਵੀ ਮਹਿੰਗਾਈ ਲਈ ਜ਼ਿੰਮੇਵਾਰ ਹੈ। ਲੋਕਾਂ ਨੂੰ ਬਹੁਤ ਜ਼ਿਆਦਾ ਪੈਸੇ ਖਰਚਣ ਦੇ ਬਾਅਦ ਵੀ ਸ਼ੁੱਧ ਅਤੇ ਵਧੀਆ ਦੁੱਧ ਨਹੀਂ ਮਿਲ ਰਿਹਾ। ਮਿਲਾਵਟੀ ਦੁੱਧ ਦੀ ਵਿੱਕਰੀ ਮਾਰਕੀਟ ਵਿਚ ਬਹੁਤ ਜ਼ਿਆਦਾ ਹੋ ਰਹੀ ਹੈ!
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ!