ਦਿਨ ਦਿਹਾੜੇ ਪਿਸਟਲ ਦੀ ਨੋਕ ’ਤੇ ਵਿਅਕਤੀ ਕੋਲੋਂ 50 ਹਜ਼ਾਰ ਦੀ ਲੁੱਟ

ਘੁਮਾਣ, (ਗੁਰਦਾਸਪੁਰ), 16 ਮਈ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਦਿਨ ਦਿਹਾੜੇ ਸਵੇਰ ਕਰੀਬ ਸਵਾ 11 ਵਜੇ ਇਕ ਵਿਅਕਤੀ ਪਾਸੋਂ ਦੋ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 50 ਹਜ਼ਾਰ ਰੁਪਏ ਲੁੱਟ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁੱਟ ਦਾ ਸ਼ਿਕਾਰ ਹੋਏ ਉਂਕਾਰ ਸਿੰਘ ਨਵਾਂ ਬਲੜਵਾਲ ਨੇ ਦੱਸਿਆ ਕਿ ਉਹ ਬੈਂਕ ਵਿਚੋਂ ਕੈਸ਼ ਲੈ ਕੇ ਵਾਪਸ ਮੁੱਖ ਬਾਜ਼ਾਰ ਰਾਹੀਂ ਆਪਣੀ ਦੁਕਾਨ ਦਕੋਹਾ ਰੋਡ ਘੁਮਾਣ ਵਿਖੇ ਜਾ ਰਹੇ ਸਨ। ਬਾਜ਼ਾਰ ਵਿਚ ਇਕ ਦਰਜੀ ਦੀ ਦੁਕਾਨ ’ਤੇ ਮੋਟਰਸਾਈਕਲ ਖੜਾ ਕੀਤਾ ਤਾਂ ਦੋ ਅਣਪਛਾਤੇ ਨੌਜਵਾਨ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਮੇਰੇ ਕੋਲ ਆਏ ਤੇ ਮੇਰੇ ’ਤੇ ਪਿਸਟਲ ਤਾਣ ਦਿੱਤੀ ਤੇ ਕਿਹਾ ਕਿ ਜਿੰਨੇ ਵੀ ਪੈਸੇ ਕੋਲ ਹਨ ਦੇ ਦਿਓ। ਭਰੇ ਬਾਜ਼ਾਰ ਵਿਚ ਇਹ ਦੋਨੋਂ ਲੁਟੇਰੇ ਮੇਰੇ ਕੋਲ ਪਏ 50 ਹਜ਼ਾਰ ਰੁਪਏ ਲੁੱਟ ਕੇ ਆਪਣੀ ਸਵਿਫਟ ਕਾਰ ਚਿੱਟਾ ਰੰਗ ਪੀ. ਬੀ. 09 ਯੂ. 7344 ’ਤੇ ਅੱਡਾ ਚੌਂਕ ਘੁਮਾਣ ਵੱਲ ਨੂੰ ਚਲੇ ਗਏ। ਉਨ੍ਹਾਂ ਕਿਹਾ ਕਿ ਉਸੇ ਵਕਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਵਲੋਂ ਬਾਜ਼ਾਰ ਦੇ ਸੀ.ਸੀ.ਟੀ.ਵੀ. ਕੈਮਰੇ ਅਤੇ ਮੋਬਾਇਲ ਲੋਕੇਸ਼ਨ ਸਰਚ ਕੀਤੀਆਂ ਜਾ ਰਹੀਆਂ ਹਨ।