ਪੰਜਾਬੀ ਦੇ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਦਿਹਾਂਤ

ਜਲੰਧਰ, 30 ਮਾਰਚ (ਜਸਪਾਲ ਸਿੰਘ)-ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਅੱਜ 93 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 31 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ, ਜਦਕਿ ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਅਸਥਾਨ 593 ਮਾਸਟਰ ਮੋਤਾ ਸਿੰਘ ਨਗਰ ਜਲੰਧਰ ਤੋਂ ਚੱਲੇਗੀ। ਉਨ੍ਹਾਂ ਦੇ ਪਿੱਛੇ ਪਰਿਵਾਰ 'ਚ ਇਕ ਬੇਟਾ, ਦੋ ਬੇਟੀਆਂ ਤੇ ਹੋਰ ਪਰਿਵਾਰਕ ਮੈਂਬਰ ਹਨ। ਦੱਸਣਯੋਗ ਹੈ ਕਿ ਪ੍ਰੇਮ ਪ੍ਰਕਾਸ਼ ਵਲੋਂ ਅਨੇਕਾਂ ਕਹਾਣੀਆਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਗਈਆਂ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ 'ਕੱਚ ਕੜੇ', 'ਨਮਾਜ਼ੀ', 'ਮੁਕਤੀ', 'ਸਵੇਤਾਂਬਰ ਨੇ ਕਿਹਾ ਸੀ' ਤੇ 'ਕੁੱਝ ਅਣਕਿਹਾ ਵੀ' ਸ਼ਾਮਿਲ ਹਨ। ਉਨ੍ਹਾਂ ਆਪਣੀ ਕਹਾਣੀ 'ਡੈੱਡਲਾਈਨ' 'ਚ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਬਹੁਤ ਹੀ ਭਾਵੁਕਤਾ ਨਾਲ ਪੇਸ਼ ਕੀਤਾ ਸੀ ਤੇ ਇਸ ਕਹਾਣੀ ਨੂੰ ਸਾਹਿਤ ਪ੍ਰੇਮੀਆਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਉਨ੍ਹਾਂ ਵਲੋਂ ਪੰਜਾਬ ਦੀ ਨਕਸਲੀ ਲਹਿਰ ਬਾਰੇ ਲਿਖਿਆ ਨਾਵਲ 'ਦਸਤਾਵੇਜ਼' ਵੀ ਕਾਫੀ ਚਰਚਿਤ ਹੋਇਆ ਸੀ। ਪ੍ਰੇਮ ਪ੍ਰਕਾਸ਼ ਆਜ਼ਾਦੀ ਤੋਂ ਬਾਅਦ ਦੇ ਪੂਰਬੀ ਸਾਹਿਤ ਵਿਚ ਛੋਟੀ ਕਹਾਣੀ ਦੇ ਲੇਖਕਾਂ ਵਿਚੋਂ ਪ੍ਰਮੁੱਖ ਸਨ ਤੇ ਉਨ੍ਹਾਂ ਨੂੰ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਪ੍ਰੇਮ ਪ੍ਰਕਾਸ਼ ਨੇ ਕੁਝ ਸਮਾਂ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਤੇ ਫਿਰ ਜਲੰਧਰ ਤੋਂ ਛਪਦੇ ਉਰਦੂ ਅਖ਼ਬਾਰ ਰੋਜ਼ਾਨਾ 'ਮਿਲਾਪ' ਵਿਚ ਤੇ ਫਿਰ ਲੰਬਾ ਸਮਾਂ ਹਿੰਦ ਸਮਾਚਾਰ 'ਚ ਬਤੌਰ ਸਬ ਐਡੀਟਰ ਕੰਮ ਕੀਤਾ। ਉਹ 1990 ਤੋਂ ਇਕ ਸਾਹਿਤਕ ਪਰਚਾ 'ਲਕੀਰ' ਵੀ ਕੱਢਦੇ ਆ ਰਹੇ ਹਨ। ਉਨ੍ਹਾਂ ਦੀਆਂ ਪੁਸਤਕਾਂ ਅੱਜ ਵੀ ਅਨੇਕਾਂ ਯੂਨੀਵਰਸਿਟੀਆਂ 'ਚ ਪੜ੍ਹਾਈਆਂ ਜਾ ਰਹੀਆਂ ਹਨ।