ਸੜਕ ਹਾਦਸੇ ’ਚ ਇਕ ਦੀ ਮੌਤ, ਦੋ ਜ਼ਖਮੀ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 19 ਮਾਰਚ (ਅਵਤਾਰ ਸਿੰਘ ਰੰਧਾਵਾ)- ਅੱਜ ਸਵੇਰੇ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸੜਕ ਉੱਪਰ ਪਿੰਡ ਦਾਦੂਯੋਧ ਨੇੜੇ ਕਾਰ ਮੋਟਰਸਾਈਕਲ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਦੋ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਧਿਆਪਕ ਸੁਰਿੰਦਰਪਾਲ ਸਿੰਘ ਪੁੱਤਰ ਕਾਕਾ ਰਾਮ ਵਾਸੀ ਫਤਿਹਗੜ੍ਹ ਚੂੜੀਆਂ ਰੋਜ਼ ਦੀ ਤਰ੍ਹਾਂ ਆਪਣੀ ਕਾਰ ਵਿਚ ਸਵਾਰ ਹੋ ਕੇ ਪਿੰਡ ਡੋਗਰ ਵਿਖੇ ਡਿਊਟੀ ’ਤੇ ਜਾ ਰਿਹਾ ਸੀ। ਅੱਗੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਜੋ ਕਿ ਇਕ ਹੋਰ ਗੱਡੀ ਨੂੰ ਕਰਾਸ ਕਰ ਰਹੇ ਸਨ, ਅਚਾਨਕ ਸੰਤੁਲਨ ਵਿਗੜਨ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਕਾਰ ਨਾਲ ਬੁਰੀ ਤਰ੍ਹਾਂ ਟਕਰਾ ਗਿਆ। ਇਸ ਦੌਰਾਨ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਘਾੜਕੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ ਉਕਤ ਅਧਿਆਪਕ ਸੁਰਿੰਦਰਪਾਲ ਸਿੰਘ ਅਤੇ ਮੋਟਰਸਾਈਕਲ ਉੱਪਰ ਸਵਾਰ ਜਤਿੰਦਰ ਸਿੰਘ ਸਰਫਕੋਟ ਜ਼ਖਮੀ ਹੋ ਗਏ।