ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲਾ ਪੁਲਿਸ ਨਾਲ ਮੁੱਠਭੇੜ 'ਚ ਜ਼ਖ਼ਮੀਂ

ਸਿੱਧਵਾਂ ਬੇਟ (ਲੁਧਿਆਣਾ), 16 ਮਾਰਚ (ਜਸਵੰਤ ਸਿੰਘ ਸਲੇਮਪੁਰੀ) - ਬੀਤੇ ਦਿਨੀਂ ਸ਼ਹਿਰ ਦੇ ਨਾਮੀ ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਕ੍ਰਿਸ਼ਨ ਪੁੱਤਰ ਰਾਜੂ ਵਾਸੀ ਜ਼ੀਰਾ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਕ੍ਰਿਸ਼ਨ ਦੀ ਸਲੇਮਪੁਰਾ ਨਜ਼ਦੀਕ ਸੇਮ ਦੀ ਪਟੜੀ 'ਤੇ ਸੀ.ਆਈ.ਸਟਾਫ਼ ਜਗਰਾਉਂ 'ਚ ਤਾਇਨਾਤ ਐੱਸ.ਆਈ. ਗੁਰਸੇਵਕ ਸਿੰਘ ਅਤੇ ਏ.ਜੀ.ਟੀ.ਐੱਫ. ਦੇ ਇੰਸਪੈਕਟਰ ਵਿਕਰਮਜੀਤ ਦੀ ਅਗਵਾਈ ਵਾਲੀ ਟੀਮ ਨਾਲ ਮੁੱਠਭੇੜ ਹੋ ਗਈ। ਇਸ ਦੌਰਾਨ ਉਸ ਨੇ ਪੁਲਿਸ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਕ੍ਰਿਸ਼ਨ ਜ਼ਖ਼ਮੀਂ ਹੋ ਗਿਆ, ਜਿਸ ਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਕੇ ਹਸਪਤਾਲ ਦਾਖ਼ਲ ਕਰਵਾਇਆ। ਜ਼ਿਲ੍ਹਾ ਪੁਲਿਸ ਮੁਖੀ ਅੰਕੁਰ ਗੁਪਤਾ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।