ਦਮਦਮੀ ਟਕਸਾਲ ਟਕਰਾਅ ਨਹੀਂ ਚਾਹੁੰਦੀ , ਪਰੰਤੂ ਨਵ-ਨਿਯੁਕਤ ਜਥੇਦਾਰ ਪੰਥ ਨੂੰ ਪ੍ਰਵਾਨਿਤ ਨਹੀਂ - ਬਾਬਾ ਖ਼ਾਲਸਾ

ਸ੍ਰੀ ਅਨੰਦਪੁਰ ਸਾਹਿਬ , 13 ਮਾਰਚ (ਜੇ. ਐੱਸ. ਨਿੱਕੂਵਾਲ / ਕਰਨੈਲ ਸਿੰਘ ਸੈਣੀ) - ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮੁਹੱਲਾ ਮੌਕੇ 14 ਮਾਰਚ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਦਮਦਮੀ ਟਕਸਾਲ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹੋ ਰਹੀ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸੰਪਰਦਾਵਾਂ ਦੀ ਇਕੱਤਰਤਾ ਵਿਚ ਤਖ਼ਤ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਬਾਰੇ ਰਣਨੀਤੀ ਤੈਅ ਕਰਾਂਗੇ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਲਈ ਵਿਧੀ ਵਿਧਾਨ ਹੋਣਾ ਜ਼ਰੂਰੀ ਹੈ । ਜਿਸ ਤਰ੍ਹਾਂ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਸੇਵਾ ਮੁਕਤ ਕੀਤਾ ਗਿਆ ਹੈ । ਉਸ ਨਾਲ ਤਖ਼ਤਾਂ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਹੋਏ ਵਰਤਾਰੇ ਨਾਲ ਖ਼ਾਲਸਾ ਪੰਥ 'ਤੇ ਸੰਕਟ ਆਇਆ ਹੈ ਜਿਸ ਦੇ ਹੱਲ ਲਈ ਇਹ ਇਕੱਠ ਰੱਖਿਆ ਗਿਆ ਹੈ।ਤਾਂ ਜੋ ਖ਼ਾਲਸਾ ਪੰਥ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ।