21-04-26
ਖਾਣ-ਪੀਣ ਦੀਆਂ ਆਦਤਾਂ
ਖਾਣ ਪੀਣ ਦੀਆਂ ਆਦਤਾਂ ਮਨੁੱਖੀ ਜੀਵਨ ਸ਼ੈਲੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਜੇਕਰ ਅਸੀਂ ਰੋਜ਼ਾਨਾ ਸੰਤੁਲਿਤ ਭੋਜਨ ਲੈਂਦੇ ਹਾਂ ਤਾਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਸਾਨੂੰ ਹਮੇਸ਼ਾ ਸਹੀ ਤੇ ਸਾਫ਼-ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ। ਅੱਜ-ਕੱਲ੍ਹ ਬੱਚੇ ਭੱਜ ਦੌੜ ਦੀ ਜ਼ਿੰਦਗੀ ਵਿਚ ਜ਼ਿਆਦਾਤਰ ਫਾਸਟ ਫੂਡ ਨੂੰ ਤਰਜੀਹ ਦਿੰਦੇ ਹਨ। ਜੋ ਕਿ ਸਿਹਤ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਸਕਦੇ ਹਨ। ਇਸ ਲਈ ਸਾਨੂੰ ਘਰ ਵਿਚ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ ਜਿਵੇਂ ਹਰੀਆਂ ਸਬਜ਼ੀਆਂ, ਦੁੱਧ ਆਦਿ ਸਿਹਤ ਲਈ ਲਾਭਦਾਇਕ ਹਨ। ਪਰ ਜ਼ਰੂਰਤ ਤੋਂ ਜ਼ਿਆਦਾ ਖਾਣਾ ਵੀ ਸਿਹਤ ਲਈ ਠੀਕ ਨਹੀਂ। ਇਸ ਲਈ ਸਾਨੂੰ ਹਮੇਸ਼ਾ ਸਮੇਂ ਸਿਰ ਖਾਣਾ ਖਾਣਾ ਚਾਹੀਦਾ ਹੈ। ਸੰਤੁਲਿਤ ਆਹਾਰ ਹੀ ਲੈਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਸਾਡੇ ਸਰੀਰ ਨੂੰ ਹੀ ਨਹੀਂ ਸਗੋਂ ਸਾਡੇ ਮਨ ਨੂੰ ਵੀ ਸੰਤੁਸ਼ਟ ਕਰਦੀਆਂ ਹਨ।
-ਦਲਜੀਤ ਕੌਰ
ਦਸੌਂਧਾ ਸਿੰਘ ਵਾਲਾ, (ਮਾਲੇਰਕੋਟਲਾ)
ਸੁਵਿਧਾ ਕੇਂਦਰਾਂ 'ਤੇ ਭੀੜ
ਸੁਵਿਧਾ ਕੇਂਦਰਾਂ ਤੇ ਭੀੜ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਇਹ ਉਸ ਸਮੇਂ ਬਹੁਤ ਜ਼ਿਆਦਾ ਵਧ ਜਾਂਦੀ ਹੈ ਜਦੋਂ ਸਰਕਾਰ ਕੋਈ ਨਵੀਂ ਸਕੀਮ ਸ਼ੁਰੂ ਕਰਦੀ ਹੈ ਅਤੇ ਲਾਭ ਪਾਤਰੀਆਂ ਨੂੰ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਸੁਵਿਧਾ ਕੇਂਦਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਹਾਲ ਹੀ ਵਿਚ ਪੈੱਨ ਕਾਰਡ ਬਣਾਉਣ ਲਈ ਨਿਯਮਾਂ ਦਾ ਬਦਲਣਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਧਾਰ ਕਾਰਡ ਦਾ ਮੋਬਾਈਲ ਨੰਬਰ ਨਾਲ ਲਿੰਕ ਕਰਵਾਉਣਾ ਅਤੇ ਮਾਵਾਂ-ਭੈਣਾਂ ਸਨਮਾਨ ਯੋਜਨਾ ਦੀ ਹੋਣ ਵਾਲੀ ਸ਼ੁਰੂਆਤ ਨੇ ਲੋਕਾਂ ਨੂੰ ਸ਼ਸ਼ੋਪੰਜ ਵਿਚ ਪਾ ਕੇ ਸੁਵਿਧਾ ਕੇਂਦਰਾਂ ਵੱਲ ਵਹੀਰਾਂ ਘੱਤਣ ਲਈ ਮਜ਼ਬੂਰ ਕਰ ਦਿੱਤਾ ਹੈ। ਇਕ ਤਾਂ ਕਾਣੀ ਤੇ ਦੂਜਾ ਕਣ ਪੈ ਗਿਆ ਭਾਵ ਇਕ ਤਾਂ ਲੋਕਾਂ ਦਾ ਜਲਦਬਾਜ਼ੀ ਵਿਚ ਸੁਵਿਧਾ ਕੇਂਦਰਾਂ ਵੱਲ ਪਹੁੰਚਣਾ ਅਤੇ ਦੂਜਾ ਸੁਵਿਧਾ ਕੇਂਦਰਾਂ ਵਿਚ ਇੰਟਰਨੈੱਟ ਅਤੇ ਸਰਵਰ ਡਾਊਨ ਵਰਗੀਆਂ ਮੁਸ਼ਕਿਲਾਂ ਲੋਕਾਂ ਨੂੰ ਸੁੱਕਣੇ ਪਾ ਦਿੰਦੀਆਂ ਹਨ। ਇਸ ਤਰ੍ਹਾਂ ਸੁਵਿਧਾ ਕੇਂਦਰਾਂ ਦੇ ਕਰਮਚਾਰੀ ਅਤੇ ਲੋਕ ਦੋਵੇਂ ਪ੍ਰੇਸ਼ਾਨ ਹੁੰਦੇ ਹਨ। ਲਾਭ ਪਾਤਰੀ ਸਵੇਰ ਤੋਂ ਹੀ ਲਾਈਨਾਂ ਵਿਚ ਲੱਗੇ ਨਜ਼ਰ ਆਉਂਦੇ ਹਨ, ਸਵੇਰੇ ਸੁਵਿਧਾ ਕੇਂਦਰ ਖੁੱਲਣ 'ਤੇ ਟੋਕਨ ਦਿੱਤੇ ਜਾਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਵਿਚ ਬਣੇ ਸੁਵਿਧਾ ਕੇਂਦਰ ਜੋ ਟਾਂਵੇ ਟਾਂਵੇ ਬਚੇ ਹਨ ਮੁਸ਼ਕਿਲ ਨਾਲ ਹੀ ਵੀਹ ਟੋਕਨ ਮਸਾਂ ਕੱਢਦੇ ਹਨ। ਸੁਵਿਧਾ ਕੇਂਦਰਾਂ ਵਿਚ ਵਧ ਰਹੀ ਭੀੜ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਤੁਹਾਡੇ ਦੁਆਰ ਆਨਲਾਈਨ ਪਲੇਟਫਾਰਮ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਸਰਕਾਰ ਦੁਆਰਾ ਜਾਰੀ ਨੰਬਰ 1076 'ਤੇ ਆਪਣੀ ਸੁਵਿਧਾ ਬੁੱਕ ਕਰਨੀ ਚਾਹੀਦੀ ਹੈ। ਸੁਵਿਧਾ ਕੇਂਦਰਾਂ ਤੇ ਮਜ਼ਬੂਤ ਇੰਟਰਨੈੱਟ ਸੁਵਿਧਾ ਪ੍ਰਦਾਨ ਕਰਨ ਦੇ ਨਾਲ-ਨਾਲ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰ ਕੇ ਸੁਵਿਧਾ ਕੇਂਦਰਾਂ 'ਤੇ ਵਧ ਰਹੀ ਭੀੜ ਨੂੰ ਘਟਾਇਆ ਜਾ ਸਕਦਾ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)
ਪ੍ਰੇਰਨਾ
ਪ੍ਰੇਰਨਾ, ਜਿਊਂਦੇ ਮਨੁੱਖ ਦੇ ਸਰੀਰਕ ਤੰਤਰ ਦੀ ਚਾਲਕ ਸ਼ਕਤੀ ਹੈ। ਮਨੁੱਖ ਪ੍ਰੇਰਨਾ ਦੇ ਨਾਲ ਹੀ ਆਪਣੇ ਕੰਮ ਅਤੇ ਇੱਛੁਕ ਵਿਹਾਰ ਕਰਦੇ ਹਨ। ਪ੍ਰੇਰਨਾ ਦਾ ਅਰਥ ਗਤੀ ਜਾਂ ਕਿਰਿਆ ਹੈ। ਸਧਾਰਨ ਭਾਸ਼ਾ ਵਿਚ ਕੁਝ ਕਰਨ ਦੀ ਇੱਛਾ ਨੂੰ ਪ੍ਰੇਰਨਾ ਕਿਹਾ ਜਾ ਸਕਦਾ ਜਿਸ ਨਾਲ ਮਨੁੱਖ ਕੋਈ ਪ੍ਰਤੀਕਿਰਿਆ ਕਰਦਾ ਹੈ ਜਾਂ ਕੋਈ ਵਿਹਾਰ ਪ੍ਰਗਟ ਕਰਦਾ ਹੈ। ਪ੍ਰੇਰਨਾ ਦੀ ਸ਼ੁਰੂਆਤ ਕਿਸੇ ਲੋੜ ਦੀ ਪੂਰਤੀ ਤੋਂ ਹੁੰਦੀ ਹੈ। ਪ੍ਰੇਰਨਾ ਮਨੁੱਖ ਦੀ ਅੰਦਰੂਨੀ ਤਾਕਤ ਹੁੰਦੀ ਹੈ ਇਸ ਅੰਦਰੂਨੀ ਤਾਕਤ ਦੇ ਪ੍ਰਯੋਗ ਨਾਲ ਮਨੁੱਖ ਆਪਣੀਆਂ ਬਾਹਰਲੀਆਂ ਅਤੇ ਅੰਦਰੂਨੀ ਉਦੇਸ਼ਾਂ ਦੀ ਪੂਰਤੀ ਕਰਦਾ ਹੈ। ਜੀਵਨ ਦੀਆਂ ਅਨੇਕਾਂ ਪਰਿਸਥਿਤੀਆਂ ਮਨੁੱਖ ਲਈ ਦੁਖਦਾਇਕ ਹੁੰਦੀਆਂ ਹਨ ਅਜਿਹੇ ਵਿਚ ਮਨੁੱਖ ਦੀ ਰੁਚੀ ਕੁਝ ਵੀ ਨਾ ਕਰਨ ਦੀ ਹੁੰਦੀ, ਪ੍ਰੰਤੂ ਰੁਚੀ ਨਾ ਹੋਣ ਦੇ ਬਾਵਜੂਦ ਵੀ ਪ੍ਰੇਰਨਾ ਮਨੁੱਖ ਨੂੰ ਕਿਰਿਆਸ਼ੀਲ ਰੱਖਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੇ ਕਾਰਜ ਅਤੇ ਵਿਹਾਰ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੀ ਤਾਕਤ ਦਾ ਨਾਂਅ ਪ੍ਰੇਰਨਾ ਹੈ। ਪ੍ਰੇਰਨਾ ਮਨੋ ਸਰੀਰਕ ਅੰਦਰੂਨੀ ਪ੍ਰਕਿਰਿਆ ਹੁੰਦੀ ਹੈ ਜਿਹੜੀ ਕਿਸੇ ਲੋੜ ਤੋਂ ਆਰੰਭ ਹੋ ਕੇ ਉਸਦੀ ਪੂਰਤੀ ਕਰਦੀ ਹੈ।
-ਜਸਦੀਪ ਕੌਰ ਮਾਹੀ।
ਦਸੌਂਧਾ ਸਿੰਘ ਵਾਲਾ ਮਲੇਰਕੋਟਲਾ
ਨਸ਼ਿਆਂ ਦੀ ਦਲਦਲ
ਨਸ਼ਿਆਂ ਦੀ ਸਮੱਸਿਆ ਅੱਜ ਦੇ ਸਮਾਜ ਦੀ ਸਭ ਤੋਂ ਗੰਭੀਰ ਅਤੇ ਚਿੰਤਾਜਨਕ ਸਮੱਸਿਆਵਾਂ ਵਿਚੋਂ ਇੱਕ ਹੈ। ਖ਼ਾਸ ਕਰਕੇ ਨੌਜਵਾਨ ਪੀੜੀ ਇਸ ਦੀ ਲਪੇਟ ਵਿਚ ਆ ਰਹੀ ਹੈ, ਜੋ ਕਿ ਦੇਸ਼ ਦੇ ਭਵਿੱਖ ਲਈ ਖ਼ਤਰਨਾਕ ਹੈ। ਨਸ਼ਿਆਂ ਦੀ ਆਦਤ ਅਕਸਰ ਮਾੜੀ ਸੰਗਤ, ਤਣਾਅ, ਬੇਰੁਜ਼ਗਾਰੀ ਤੇ ਪਰਿਵਾਰਕ ਸਮੱਸਿਆਵਾਂ ਕਰਕੇ ਪੈਦਾ ਹੁੰਦੀ ਹੈ। ਕਈ ਵਾਰ ਨੌਜਵਾਨ ਸਿਰਫ ਸ਼ੌਂਕ ਜਾਂ ਦਿਖਾਵੇ ਲਈ ਨਸ਼ਿਆਂ ਦੀ ਸ਼ੁਰੂਆਤ ਕਰਦੇ ਹਨ ਤੇ ਸਮੇਂ ਦੇ ਨਾਲ ਇਹ ਆਦਤ ਲਤ ਵਿਚ ਬਦਲ ਜਾਂਦੀ ਹੈ। ਨਸ਼ਿਆਂ ਦੇ ਨੁਕਸਾਨ ਬੇਹੱਦ ਗੰਭੀਰ ਹਨ, ਇਹ ਸਰੀਰ ਨੂੰ ਕਈ ਬਿਮਾਰੀਆਂ ਨਾਲ ਘੇਰ ਲੈਂਦੇ ਹਨ। ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਸਕੂਲਾਂ ਤੇ ਕਾਲਜਾਂ ਵਿਚ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਨਸ਼ਿਆਂ ਤੋਂ ਦੂਰ ਰਹਿਣਾ ਤੇ ਸਿਹਤਮੰਦ ਜੀਵਨ ਜਿਊਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਹਰ ਵਿਅਕਤੀ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।
-ਅਵਨੀਤ ਕੌਰ
ਨੌਧਰਾਣੀ (ਮਲੇਰਕੋਟਲਾ)
ਭੋਜਨ ਦੀ ਬਰਬਾਦੀ
ਭਾਰਤ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਗਿਆ ਹੈ। ਭੋਜਨ ਦੀ ਬਰਬਾਦੀ ਸਭ ਤੋਂ ਗੰਭੀਰ ਮੁੱਦਾ ਬਣ ਗਿਆ ਹੈ। ਜਿਨ੍ਹੀਂ ਜਿਆਦਾ ਦੇਸ਼ ਦੀ ਜਨਸੰਖਿਆ ਹੋਵੇਗੀ ਉਨ੍ਹਾਂ ਹੀ ਭੋਜਨ ਦੀ ਜ਼ਰੂਰਤ ਹੋਵੇਗੀ। ਪੰਜਾਬ ਵਿਚ ਭੋਜਨ ਦੀ ਬਰਬਾਦੀ ਦਿਨੋ ਦਿਨ ਵਧ ਰਹੀ ਹੈ। ਜ਼ਿਆਦਾਤਰ ਲੋਕ ਆਪਣੀ ਲੋੜ ਦੇ ਮੁਤਾਬਿਕ ਭੋਜਨ ਨਹੀਂ ਲੈਂਦੇ, ਉਹ ਆਪਣੀ ਜ਼ਰੂਰਤ ਤੋਂ ਜ਼ਿਆਦਾ ਭੋਜਨ ਲੈ ਕੇ ਬਾਅਦ ਵਿਚ ਉਸ ਨੂੰ ਕੂੜੇਦਾਨ ਵਿਚ ਸੁੱਟ ਦਿੰਦੇ ਹਨ। ਜੇਕਰ ਜ਼ਿਆਦਾਤਰ ਭੋਜਨ ਬਚ ਵੀ ਜਾਂਦਾ ਹੈ, ਤਾਂ ਉਸ ਨੂੰ ਕੂੜੇਦਾਨ ਵਿਚ ਛੁੱਟਣ ਦੀ ਜਗ੍ਹਾ ਕਿਸੇ ਜ਼ਰੂਰਤਮੰਦ ਨੂੰ ਦੇਣਾ ਉੱਚਿਤ ਹੋਵੇਗਾ। ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਭੋਜਨ ਦੀ ਬਰਬਾਦੀ ਬਹੁਤ ਜ਼ਿਆਦਾ ਹੋ ਰਹੀ ਹੈ। ਹਰ ਇਕ ਨਾਗਰਿਕ ਨੂੰ ਭੋਜਨ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਭੋਜਨ ਸਟੋਰ ਕਰਨ ਲਈ ਹੋਰ ਜ਼ਿਆਦਾ ਗੁਦਾਮ ਬਣਾਉਣੇ ਚਾਹੀਦੇ ਹਨ।
-ਸਿਮਰਨ ਕੌਰ,
ਫਰਵਾਲੀ (ਮਾਲੇਰਕੋਟਲਾ)
ਭਾਸ਼ਾ ਤੇ ਸੱਭਿਆਚਾਰ ਦੀ ਰੱਖਿਆ
ਸਮਾਜ ਵਿਚ ਭਾਸ਼ਾ ਤੇ ਸੱਭਿਆਚਾਰ ਕੌਮ ਦੀ ਪਹਿਚਾਣ ਹਨ। ਸਾਡੀ ਮਾਂ ਬੋਲੀ ਪੰਜਾਬੀ ਹੈ ਜਿਸ ਦੀ ਵਰਤੋਂਬਹੁਤ ਘੱਟਦੀ ਜਾ ਰਹੀ ਹੈ। ਬਹੁਤ ਸਾਰੇ ਲੋਕ, ਨੌਜਵਾਨ ਅੰਗਰੇਜ਼ੀ ਭਾਸ਼ਾ ਨੂੰ ਜਿਆਦਾ ਮਹੱਤਤਾ ਦੇ ਰਹੇ ਹਨ। ਸਕੂਲਾਂ, ਦਫ਼ਤਰਾਂ ਅਤੇ ਸੋਸ਼ਲ ਮੀਡੀਆ ਵਿਚ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਵਧ ਰਿਹਾ ਹੈ। ਸਾਨੂੰ ਅੰਗਰੇਜ਼ੀ ਦੇ ਨਾਲ-ਨਾਲ ਆਪਣੀ ਮਾਂ ਬੋਲੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅਸੀਂ ਆਪਣੇ ਰੀਤੀ ਰਿਵਾਜਾਂ, ਕਹਾਣੀਆਂ, ਲੋਕ ਗੀਤਾਂ ਤੇ ਇਤਿਹਾਸ ਨਾਲੋਂ ਵੀ ਦੂਰ ਹੁੰਦੇ ਜਾ ਰਹੇ ਹਾਂ, ਇਸ ਲਈ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਜਾਗਰੂਕ ਹੋਈਏ। ਘਰਾਂ ਵਿਚ, ਸਕੂਲਾਂ ਵਿਚ ਅਤੇ ਸਮਾਜ ਵਿਚ ਪੰਜਾਬੀ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਗਲੀਆਂ ਪੀੜ੍ਹੀਆਂ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੀਆਂ ਰਹਿਣ।
-ਕਮਲਦੀਪ ਕੌਰ,
ਨੌਧਰਾਣੀ (ਮਾਲੇਰਕੋਟਲਾ)