ਫੈਕਟਰੀ 'ਚ ਗੈਸ ਲੀਕ ਘਟਨਾ ਤੋਂ ਬਾਅਦ ਬਿਜਲੀ ਸਪਲਾਈ ਕੱਟੀ, ਬਚਾਅ ਕਾਰਜ ਜਾਰੀ

ਜਲੰਧਰ, 13 ਮਾਰਚ-ਅੱਜ ਮਕਸੂਦਾਂ ਇਲਾਕੇ ਵਿਚ ਗੈਸ ਲੀਕ ਮਾਮਲੇ ਵਿਚ ਐਸ.ਡੀ.ਐਮ. ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਮਨਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਸਾਨੂੰ ਪਹਿਲਾਂ ਵੀ ਇਸ ਫੈਕਟਰੀ ਤੋਂ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਾਣਕਾਰੀ ਅਨੁਸਾਰ ਟੈਸਟਿੰਗ ਦੌਰਾਨ ਇਥੇ ਗੈਸ ਲੀਕ ਹੋ ਗਈ। ਇਸ ਦੌਰਾਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ (ਫੈਕਟਰੀਆਂ) ਨੇ ਕਿਹਾ ਕਿ ਫੈਕਟਰੀ ਵਿਚੋਂ ਅਮੋਨੀਆ ਗੈਸ ਲੀਕ ਹੋਈ ਸੀ। ਅਸੀਂ ਸਥਿਤੀ ਨੂੰ ਕਾਬੂ ਕਰਨ ਲਈ ਫੈਕਟਰੀ ਦੀ ਬਿਜਲੀ ਸਪਲਾਈ ਕੱਟ ਦਿੱਤੀ ਹੈ। ਅਗਲੇ 2-3 ਘੰਟਿਆਂ ਵਿਚ ਸਥਿਤੀ ਕਾਬੂ ਵਿਚ ਹੋ ਜਾਵੇਗੀ। ਪ੍ਰਸ਼ਾਸਨ ਅਤੇ ਰਾਹਤ ਟੀਮਾਂ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਸਥਾਨਕ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।