ਰੇਲ ਇੰਜਣ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਕਪੂਰਥਲਾ, 13 ਮਾਰਚ (ਅਮਨਜੋਤ ਸਿੰਘ ਵਾਲੀਆ)-ਰੇਲ ਇੰਜਣ ਦੀ ਲਪੇਟ ਵਿਚ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਏ.ਐਸ.ਆਈ. ਸੰਜੀਵ ਕੁਮਾਰ ਤੇ ਹੈੱਡ ਕਾਂਸਟੇਬਲ ਸਹਿਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਕਪੂਰਥਲਾ ਤੇ ਹੁਸੈਨਪੁਰ ਸਟੇਸ਼ਨ ਦੇ ਵਿਚਕਾਰ ਸ਼ੇਖੂਪੁਰ ਨਜ਼ਦੀਕ ਰੇਲ ਇੰਜਣ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਮ੍ਰਿਤਕ ਵਿਅਕਤੀ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਲਾਸ਼ ਦੀ ਸ਼ਨਾਖ਼ਤ ਲਈ ਆਸ-ਪਾਸ ਦੇ ਇਲਾਕੇ ਤੋਂ ਪੁੱਛਗਿੱਛ ਕੀਤੀ ਗਈ ਪਰ ਉਸਦੀ ਸ਼ਨਾਖ਼ਤ ਨਹੀਂ ਹੋ ਸਕੀ। ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ 72 ਘੰਟਿਆਂ ਵਾਸਤੇ ਰਖਵਾ ਦਿੱਤਾ ਗਿਆ ਹੈ।