11-03-2025
ਟ੍ਰੈਫਿਕ ਦੀ ਸਮੱਸਿਆ
ਟ੍ਰੈਫਿਕ ਸਮੱਸਿਆ ਆਧੁਨਿਕ ਸ਼ਹਿਰੀ ਜੀਵਨ ਦੀ ਇਕ ਵੱਡੀ ਚੁਣੌਤੀ ਹੈ। ਤੇਜ਼ੀ ਨਾਲ ਵਧ ਰਹੀ ਆਬਾਦੀ ਤੇ ਵਾਹਨਾਂ ਦੀ ਗਿਣਤੀ ਦਰਮਿਆਨ ਅਣਯੋਜਤ ਟ੍ਰਾਂਸਪੋਰਟ ਪ੍ਰਣਾਲੀ ਕਾਰਨ ਸੜਕਾਂ 'ਤੇ ਭਾਰੀ ਭੀੜ ਹੋ ਜਾਂਦੀ ਹੈ, ਜੋ ਲੋਕਾਂ ਲਈ ਸਮੱਸਿਆਵਾਂ ਖੜ੍ਹੀਆਂ ਕਰਦੀ ਹੈ। ਲੱਖਾਂ ਦੀ ਗਿਣਤੀ ਵਿਚ ਸੜਕਾਂ 'ਤੇ ਦੌੜ ਰਹੇ ਵਾਹਨਾਂ ਕਰਕੇ ਵੱਡੀ ਮਾਤਰਾ ਵਿਚ ਜਾਮ ਲਗਦੇ ਹਨ। ਜਗ੍ਹਾ-ਜਗ੍ਹਾ ਗਲਤ ਪਾਰਕਿੰਗ ਟ੍ਰੈਫਿਕ 'ਚ ਰੁਕਾਵਟ ਅਤੇ ਸੜਕਾਂ 'ਤੇ ਹੋ ਨਜਾਇਜ਼ ਕਬਜ਼ਿਆਂ ਕਾਰਨ ਰਸਤੇ ਸੌੜੇ ਹੋ ਰਹੇ ਹਨ। ਸਰਕਾਰ ਨੂੰ ਚੰਗੀਆ ਬੱਸਾਂ, ਮੈਟਰੋ ਅਤੇ ਟ੍ਰੇਨ ਸੇਵਾਵਾਂ ਵਧਾਉਣੀਆਂ ਚਾਹੀਦੀਆਂ ਹਨ ਅਤੇ ਚੌੜੀਆਂ ਸੜਕਾਂ, ਫਲਾਈਓਵਰ ਅਤੇ ਬਾਈਪਾਸ ਬਣਾਉਣ ਦੀ ਲੋੜ ਹੈ।
-ਗਗਨਜਾਪ ਸਿੰਘ
ਰਾਜਪੁਰਾ
ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ
ਉਦਾਸੀ (ਡਿਪ੍ਰੈਸ਼ਨ) ਇਕ ਭਾਵਨਾਤਮਿਕ ਦਰਦ ਹੈ ਜਿਸ ਦਾ ਸੰਬੰਧ ਭਾਵਨਾਤਮਿਕ ਨਿਰਾਸ਼ਾ ਮਾਨਸਿਕ ਬੇਵੱਸੀ ਨਾਲ ਹੁੰਦਾ ਹੈ। ਬੰਦਾ ਚੁੱਪ ਗੁੰਮ ਸੁੰਮ ਰਹਿੰਦਾ ਜ਼ਿੰਦਗੀ ਨੂੰ ਸੁਸਤੀ ਨਾਲ ਹੰਢਾਉਂਦਾ ਹੈ। ਉਦਾਸੀ ਤੋਂ ਬਾਅਦ ਗੰਭੀਰ ਉਦਾਸੀ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਉਦਾਸ ਰਹਿੰਦੇ ਹਾਂ ਤਾਂ ਕੁਝ ਲੋਕ ਸਾਨੂੰ ਗੱਲਬਾਤ ਤੇ ਇਸ ਨੂੰ ਅਨੁਭਵ ਕਰਦੇ ਹਨ। ਖਿੜਿਆ ਮਨ ਬੇਵਸੀ ਵਿਚ ੱਚਾਨਕ ਉਦਾਸੀ ਵੱਲ ਚਲਾ ਜਾਂਦਾ ਹੈ ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਮਨ ਦੀਆਂ ਗਿਣਤੀਆਂ ਮਿਣਤੀਆਂ ਉਦਾਸੀ ਨੂੰ ਗੰਭੀਰ ਬਣਾ ਦਿੰਦੀਆਂ ਹਨ।
ਜੀਵਨ ਨੀਰਸ ਅਤੇ ਮਨ ਬੁਝ ਜਾਂਦਾ ਹੈ। ਭਾਰਤ 'ਚ 5 ਕਰੋੜ 60 ਲੱਖ ਲੋਕ ਉਦਾਸੀ ਤੋਂ ਪੀੜਤ ਹਨ। ਜਦੋਂ ਮਰੀਜ਼ਾਂ ਦੀ ਬਿਮਾਰੀ ਦੀ ਸਮਝ ਨਾ ਲੱਗੇ ਤਾਂ ਉਨ੍ਹਾਂ ਨੂੰ ਮਾਨਸਿਕ ਰੋਗੀ ਵਿਭਾਗ ਵਿਚ ਭੇਜਿਆ ਜਾਂਦਾ ਹੈ। ਕਈ ਉੱਥੋਂ ਠੀਕ ਹੋ ਕੇ ਵਧੀਆ ਜੀਵਨ ਬਸਰ ਕਰਦੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ 6 ਵਿਚੋਂ 1 ਭਾਰਤੀ ਉਦਾਸੀ ਦਾ ਗ੍ਰਸਿਆ ਹੋਇਆ ਹੈ। ਇਸ ਨੂੰ ਯੋਗ ਸਾਧਨਾ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਉਦਾਸੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਜਰੂਰੀ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ
ਬੱਚੇ ਸਮਾਰਟਫੋਨ ਦੇ ਆਦੀ ਹੋ ਅਨੇਕਾਂ ਬਿਮਾਰੀਆਂ ਤੋਂ ਪੀੜਤ ਹੋ ਚੁੱਕੇ ਹਨ। ਮਾਪੇ ਵੀ ਬੇਵੱਸ ਹਨ, ਜਿਨ੍ਹਾਂ ਨੂੰ ਕੋਰੋਨਾ ਕਾਲ ਦੌਰਾਨ ਆਨਲਾਈਨ ਪੜ੍ਹਾਈ ਕਰਵਾਉਣ ਲਈ ਸਮਾਰਟਫੋਨ ਲੈ ਕੇ ਦੇਣੇ ਪਏ ਸਨ। ਮੇਰੀਆਂ ਦੋਤਰੀਆਂ ਵੀ ਸਮਾਰਟਫੋਨ ਦੀਆਂ ਆਦੀ ਹੋ ਚੁੱਕੀਆਂ ਸਨ। ਇਸ ਗੱਲ ਦਾ ਪਤਾ ਮੈਨੂੰ ਉਸ ਸਮੇਂ ਲੱਗਾ ਜਦੋਂ ਸਕੂਲ ਦੀ ਟੀਚਰ ਬੱਚਿਆਂ ਨੂੰ ਬਲੈਕ ਬੋਰਡ 'ਤੇ ਲਿਖ ਕੇ ਪੜ੍ਹਾ ਰਹੀ ਸੀ ਅਤੇ ਬੱਚੀ ਨੂੰ ਨਜ਼ਰ ਨਹੀਂ ਆ ਰਿਹਾ ਸੀ। ਟੀਚਰ ਦੇ ਅੱਖਾਂ ਚੈਕ ਕਰਵਾਉਣ ਤੋਂ ਬਾਅਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਰਕੇ ਉਸ ਨੂੰ ਨਜ਼ਰ ਦੀ ਐਨਕ ਲਗਾਉਣੀ ਪਈ ਹੈ। ਮੇਰੀ ਦੂਸਰੀ ਦੋਤਰੀ ਨੇ ਡਰਦਿਆਂ ਸਮਾਰਟ ਫੋਨ ਵਰਤਣਾ ਛੱਡ ਦਿੱਤਾ ਹੈ। ਸਕੂਲ ਵਿਚ ਬੱਚਿਆਂ ਨੂੰ ਮੋਬਾਈਲ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ
ਟਰੰਪ ਦਾ ਬਿਆਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਕ ਇੰਟਰਵਿਊ ਵਿਚ ਭਾਰਤ ਨੂੰ ਦਿੱਤੀ ਜਾਣ ਵਾਲੀ ਮਦਦ ਬੰਦ ਕਰਨ ਲਈ ਆਖਦਿਆਂ ਕਿਹਾ ਹੈ ਕਿ ਭਾਰਤ ਨੂੰ ਇਹ ਮਦਦ ਕਿਉਂ? ਭਾਰਤ ਤਾਂ ਇਕ ਵਧੇਰੇ ਟੈਕਸ ਵਸੂਲਣ ਵਾਲਾ ਦੇਸ਼ ਹੈ। ਜਿਸ ਕੋਲ ਕਾਫੀ ਪੈਸਾ ਹੈ। ਟਰੰਪ ਦੇ ਇਸ ਬਿਆਨ ਨੂੰ ਸਾਡੇ ਦੇਸ਼ ਨੂੰ ਸਾਕਾਰਾਤਮਕ ਰੂਪ ਵਿਚ ਲੈਣਾ ਚਾਹੀਦਾ ਹੈ। ਇਹ ਬਿਆਨ ਸਾਡੇ ਦੇਸ਼ ਦੇ ਆਤਮ-ਸਨਮਾਨ ਨੂੰ ਜਗਾਉਣ ਵਾਲਾ ਹੈ। ਸਾਡਾ ਦੇਸ਼ ਕਿਸੇ ਸਮੇਂ ਸੋਨੇ ਦੀ ਚਿੜੀ ਹੁੰਦਾ ਸੀ। ਵਿਦੇਸ਼ੀ ਲੁਟੇਰਿਆਂ ਤੇ ਅੰਗਰੇਜ਼ਾਂ ਨੇ ਬੁਰੀ ਤਰ੍ਹਾਂ ਲੁੱਟ ਕੇ ਇਸ ਨੂੰ ਕੰਗਾਲ ਕਰ ਦਿੱਤਾ।
1960 ਦੇ ਦਹਾਕੇ ਵਿਚ ਸਾਡੇ ਦੇਸ਼ ਦੀ ਆਰਥਿਕ ਸਥਿਤੀ ਬਹੁਤ ਖਰਾਬ ਸੀ। ਉਸ ਸਮੇਂ ਸਾਡੇ ਦੇਸ਼ ਵਿਚ ਅਕਾਲ ਕਾਰਨ ਭੁੱਖਮਰੀ ਦੀ ਸਥਿਤੀ ਸੀ ਤੇ ਸਾਨੂੰ ਕਿਸੇ ਵਿਦੇਸ਼ੀ ਮਦਦ ਦੀ ਲੋੜ ਸੀ। ਪਰ ਹੁਣ ਸਾਡਾ ਦੇਸ਼ ਆਰਥਿਕ ਤੌਰ 'ਤੇ ਸਮਰੱਥ ਹੋ ਗਿਆ ਹੈ। ਸਾਡੇ ਦੇਸ਼ ਦੀ ਵਿਕਾਸ ਦੀ ਗਤੀ ਭਾਵੇਂ ਦੂਸਰੇ ਦੇਸ਼ਾਂ ਦੇ ਮੁਕਾਬਲੇ ਘੱਟ ਹੋਵੇ, ਪਰ ਸਾਡਾ ਦੇਸ਼ ਵਿਸ਼ਵ ਦੀ ਪੰਜਵੀਂ ਵੱਡੀ ਅਰਥ ਵਿਵਸਥਾ ਹੈ।
ਜੇਰਕ ਅਮਰੀਕਾ ਕਿਸੇ ਤਰ੍ਹਾਂ ਦੀ ਭਾਰਤ ਨੂੰ ਦਿੱਤੀ ਜਾਣ ਵਾਲੀ ਮਦਦ ਬੰਦ ਕਰਦਾ ਹੈ ਤਾਂ ਸਾਡੇ ਲਈ ਇਹ ਵਧੀਆ ਹੀ ਹੋਵੇਗਾ ਕਿਉਂਕਿ ਜੇਕਰ ਅਮਰੀਕਾ ਕਿਸੇ ਪੱਖ ਤੋਂ ਸਾਡੀ ਮਦਦ ਕਰਦਾ ਸੀ ਤਾਂ ਬਦਲੇ ਵਿਚ ਸਾਨੂੰ ਹਰ ਹਾਲ ਵਿਚ ਉਸ ਦੇ ਪੱਖ ਵਿਚ ਖੜ੍ਹਨਾ ਪੈਂਦਾ ਸੀ। ਉਂਝ ਵੀ ਅਮਰੀਕਾ ਵਲੋਂ ਮਿਲਦੀ ਇਹ ਮਦਦ ਊਠ ਦੇ ਮੂੰਹ ਵਿਚ ਜ਼ੀਰੇ ਸਮਾਨ ਹੈ।
-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਝਬੇਲਵਾਲੀ।
ਪਰਮਾਤਮਾ ਨੂੰ ਯਾਦ ਰੱਖੋ
ਪਰਮਾਤਮਾ ਨੇ ਮਨੁੱਖ ਨੂੰ ਇਸ ਸ੍ਰਿਸ਼ਟੀ ਵਿਚ ਬਹੁਤ ਕੁਝ ਦੇ ਕੇ ਨਿਵਾਜਿਆ ਹੈ। ਪਰਮਾਤਮਾ ਨੇ ਮਨੁੱਖ ਨੂੰ ਚੰਗੇ ਮਾੜੇ ਦੀ ਪਰਖ, ਬੁੱਧੀ, ਕਲਾ, ਗੁਣ, ਸੋਚਣ ਦੀ ਸਮਰੱਥਾ ਪ੍ਰਦਾਨ ਕੀਤੀ ਹੈ। ਹਰ ਇਕ ਨੂੰ ਇਨਸਾਨ ਦਾ ਸਤਿਕਾਰ ਕਰਨਾ ਸਿਖਾਇਆ ਹੈ। ਵੇਖ ਰਹੇ ਹਾਂ ਕਿ ਦਿਨੋ-ਦਿਨ ਇਕ ਦੂਜੇ ਪ੍ਰਤੀ ਪਿਆਰ ਘਟਦਾ ਜਾ ਰਿਹਾ ਹੈ, ਸਿਰਫ਼ ਵਿਖਾਵੇ ਦਾ ਪਿਆਰ ਰਹਿ ਗਿਆ ਹੈ। ਨਫ਼ਰਤ ਦਾ ਬਹੁਤ ਜ਼ਿਆਦਾ ਬੋਲਬਾਲਾ ਵਧ ਰਿਹਾ ਹੈ। ਪੈਸੇ ਨੇ ਰਿਸ਼ਤਿਆਂ ਦੀ ਥਾਂ ਲੈ ਲਈ ਹੈ, ਕਹਿਣ ਦਾ ਮਤਲਬ ਹੈ ਕਿ ਪੈਸਾ ਹੀ ਪ੍ਰਧਾਨ ਬਣ ਚੁੱਕਿਆ ਹੈ।
ਅੱਜ ਕਿਸੇ ਕੋਲ ਕਿਸੇ ਦੀ ਵੀ ਗੱਲ ਸੁਣਨ ਲਈ ਸਮਾਂ ਨਹੀਂ ਹੈ। ਕੁਦਰਤ ਹੀ ਰੱਬ ਹੈ। ਸਾਨੂੰ ਕੁਦਰਤ ਦੇ ਭਾਣੇ ਵਿਚ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਇਨਸਾਨ ਬਹੁਤ ਕਿਆਸਾਂ ਲਗਾਉਂਦਾ ਹੈ ਕਿ ਮੈਂ ਇਹ ਵੀ ਕਰ ਲਵਾਂ ਔਹ ਵੀ ਕਰ ਲਵਾਂ, ਪਰ ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੋਵੇ। ਕੁਦਰਤ ਕਦੇ ਵੀ ਕਿਸੇ ਇਨਸਾਨ ਨਾਲ ਮਾੜਾ ਨਹੀਂ ਕਰਦੀ, ਪਰ ਅਸੀਂ ਕੁਦਰਤ ਨਾਲ ਛੇੜਛਾੜ ਕਰੀ ਜਾ ਰਹੇ ਹਾਂ। ਪੈਸੇ ਦੀ ਹੋੜ ਕਰਕੇ ਪਹਾੜੀ ਖੇਤਰਾਂ ਵਿਚ ਵੀ ਇਨਸਾਨ ਦੀਆਂ ਗਤੀਵਿਧੀਆਂ ਨਹੀਂ ਰੁਕੀਆਂ। ਲੋਕ ਲੁੱਟ-ਖਸੁੱਟ, ਭ੍ਰਿਸ਼ਟਾਚਾਰ ਕਰਕੇ ਜ਼ਮੀਨਾਂ, ਜਾਇਦਾਦਾਂ ਬਣਾ ਰਹੇ ਹਨ। ਚਾਹੇ ਕੱਲ੍ਹ ਨੂੰ ਸਾਂਭਣ ਵਾਲਾ ਕੋਈ ਵੀ ਨਾ ਰਹੇ।
-ਸੰਜੀਵ ਸਿੰਘ ਸੈਣੀ
ਮੁਹਾਲੀ