ਸੜਕ ਹਾਦਸੇ 'ਚ ਪੁਲਿਸ ਵਾਲੇ ਦੀ ਮੌਤ, 6 ਫੱਟੜ

ਫ਼ਾਜ਼ਿਲਕਾ, 11 ਮਾਰਚ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਮਲੋਟ ਰੋਡ ਉਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਮੌਤ ਹੋ ਗਈ। ਜਦੋਂਕਿ ਇਸ ਹਾਦਸੇ ਵਿਚ 6 ਦੇ ਕਰੀਬ ਲ਼ੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਗਰਭਵਤੀ ਔਰਤ ਅਤੇ ਵਿਦਿਆਰਥੀ ਸ਼ਾਮਿਲ ਹਨ। ਇਸ ਦੇ ਨਾਲ ਹੀ ਇਕ ਛੋਟੀ ਬੱਚੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੇ ਨੇੜਲੇ ਪਿੰਡ ਢਾਣੀ ਖਰਾਸ ਵਾਲੀ ਦੇ ਕੋਲ ਕਾਰ ਦੀ ਭਿਆਨਕ ਟੱਕਰ ਹੋਈ, ਜਿਸ ਦੌਰਾਨ ਮੋਟਰਸਾਈਕਲ ਵੀ ਇਨ੍ਹਾਂ ਦੀ ਲਪੇਟ ਵਿਚ ਆਇਆ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਟੱਕਰ ਤੋਂ ਬਾਅਦ ਵਾਹਨ ਇਕ ਖੰਭੇ ਨੂੰ ਤੋੜਦਿਆਂ ਦਰੱਖਤ ਨਾਲ ਜਾ ਟਕਰਾਏ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਜਿਥੇ ਕੇਵਲ ਕ੍ਰਿਸ਼ਨ ਨਾਂਅ ਦੇ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਦੋਂਕਿ ਇਸ ਹਾਦਸੇ ਵਿਚ ਦੋ ਸਕੂਲੀ ਵਿਦਿਆਰਥੀ, 1 ਗਰਭਵਤੀ ਔਰਤ ਅਤੇ ਇਕ ਬੱਚੀ ਸਮੇਤ 6 ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਵਿਦਿਆਰਥੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਬਾਹਰ ਰੈਫ਼ਰ ਕੀਤਾ ਗਿਆ ਹੈ।