ਦੋ ਦਿਨਾਂ ਦੌਰੇ ’ਤੇ ਮਾਰੀਸ਼ਸ ਪੁੱਜੇ ਪ੍ਰਧਾਨ ਮੰਤਰੀ ਮੋਦੀ

ਪੋਰਟ ਲੁਈਸ, 11 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਸਰਕਾਰੀ ਦੌਰੇ ’ਤੇ ਮਾਰੀਸ਼ਸ ਪਹੁੰਚ ਗਏ ਹਨ। ਉਹ 12 ਮਾਰਚ ਨੂੰ ਮਾਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਦੌਰੇ ਵਿਚ, ਪ੍ਰਧਾਨ ਮੰਤਰੀ ਮੋਦੀ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਸੁਰੱਖਿਆ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਸਮਝੌਤਿਆਂ ’ਤੇ ਦਸਤਖਤ ਕਰਨਗੇ। 2015 ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਮਾਰੀਸ਼ਸ ਦਾ ਦੂਜਾ ਦੌਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਫੌਜ ਦੀ ਇਕ ਟੁਕੜੀ, ਇਕ ਜਲ ਸੈਨਾ ਦਾ ਜੰਗੀ ਜਹਾਜ਼ ਅਤੇ ਹਵਾਈ ਸੈਨਾ ਦੀ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਵੀ ਮਾਰੀਸ਼ਸ ਦੇ ਰਾਸ਼ਟਰੀ ਜਸ਼ਨਾਂ ਵਿਚ ਹਿੱਸਾ ਲਵੇਗੀ। ਇਥੇ ਪੁੱਜਣ ’ਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਮਾਰੀਸ਼ਸ ਦੀਆਂ ਚੋਟੀ ਦੀਆਂ ਸ਼ਖਸੀਅਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਵੀਨ ਰਾਮਗੁਲਮ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਉਨ੍ਹਾਂ ਨਾਲ ਡਿਪਟੀ ਪ੍ਰਧਾਨ ਮੰਤਰੀ, ਮਾਰੀਸ਼ਸ ਦੇ ਚੀਫ਼ ਜਸਟਿਸ, ਨੈਸ਼ਨਲ ਅਸੈਂਬਲੀ ਦੇ ਸਪੀਕਰ, ਵਿਰੋਧੀ ਧਿਰ ਦੇ ਨੇਤਾ, ਵਿਦੇਸ਼ ਮੰਤਰੀ, ਕੈਬਨਿਟ ਸਕੱਤਰ, ਗ੍ਰੈਂਡ ਪੋਰਟ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਕੁੱਲ 200 ਪਤਵੰਤੇ ਮੌਜੂਦ ਸਨ, ਜਿਨ੍ਹਾਂ ਵਿਚ ਸੰਸਦ ਮੈਂਬਰ, ਵਿਧਾਇਕ, ਡਿਪਲੋਮੈਟਿਕ ਕੋਰ ਅਤੇ ਧਾਰਮਿਕ ਆਗੂ ਸ਼ਾਮਿਲ ਸਨ।