ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮਾਤਾ ਦਲਜੀਤ ਕੌਰ ਦਾ ਜੱਦੀ ਪਿੰਡ ਹੋਇਆ ਅੰਤਿਮ ਸੰਸਕਾਰ

ਨਵਾਂਸ਼ਹਿਰ, 8 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਦਲਜੀਤ ਕੌਰ (92) ਦਾ ਅੱਜ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਵਢੇਰੀ ਉਮਰ ਅਤੇ ਕਮਜ਼ੋਰੀ ਦੇ ਚੱਲਦਿਆਂ ਉਨ੍ਹਾਂ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੌਰਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਕੀਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਰਾਜਨੀਤਿਕ, ਸਮਾਜਿਕ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਨਵਾਂਸ਼ਹਿਰ ਡਾ. ਨਛੱਤਰ ਪਾਲ, ਐਸ.ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਬਬਲੀ, ਸਾਬਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ. ਬਲਾਚੌਰ ਰਵਿੰਦਰ ਕੁਮਾਰ ਬਾਂਸਲ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਉੱਪ ਚੇਅਰਮੈਨ ਲਲਿਤ ਮੋਹਨ ਪਾਠਕ (ਬੱਲੂ), ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਟਰੱਸਟੀ ਹਰਜੋਤ ਕੌਰ ਲੋਹਟੀਆ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।