ਲੰਗਰ ’ਚ ਸੇਵਾ ਕਰਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਚੌਂਕ ਮਹਿਤਾ, (ਅੰਮ੍ਰਿਤਸਰ), 9 ਮਾਰਚ (ਧਰਮਿੰਦਰ ਸਿੰਘ ਭੰਮਰਾ)- ਅੱਜ ਬਾਅਦ ਦੁਪਹਿਰ ਕਸਬਾ ਚੌਂਕ ਮਹਿਤਾ ਦੇ ਨੇੜੇ ਪਿੰਡ ਚੂੰਘ ਵਿਖੇ ਲੰਗਰ ਦੀ ਸੇਵਾ ਕਰਦੇ ਇਕ ਨੌਜਵਾਨ ਨੂੰ ਹਮਲਾਵਰਾਂ ਵਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਵਿਚ ਕਤਲ ਦੀ ਇਸ ਦੂਜੀ ਵਾਰਦਾਤ ਨੇ ਸਮੁੱਚੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ ਹੈ। ਦਰਅਸਲ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦੇ ਛਕਣ ਲਈ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੀ ਸੜਕ ਉਪਰ ਪਿੰਡ ਚੂੰਘ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਾ ਸੀ। ਜਿੱਥੇ ਨੌਜਵਾਨ ਵਰਿੰਦਰਪਾਲ ਸਿੰਘ ਵਿੱਕੀ ਵਾਸੀ ਪਿੰਡ ਚੂੰਘ ਸੇਵਾ ਕਰ ਰਿਹਾ ਸੀ। ਉਥੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪ੍ਰਤੱਖ ਦਰਸ਼ੀਆਂ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਛੇ ਤੋਂ ਸੱਤ ਦੇ ਕਰੀਬ ਗੋਲੀਆਂ ਮ੍ਰਿਤਕ ਦੇ ਸਿਰ ਦੇ ਵਿਚ ਮਾਰੀਆਂ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਥੇ ਮਾਮਲੇ ਦੀ ਛਾਣ-ਬੀਣ ਕਰ ਰਹੀ ਪੁਲਿਸ ਪਾਰਟੀ ਵਿਚ ਡੀ.ਐੱਸ.ਪੀ ਰਵਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੇਲ੍ਹ ਵਿਚ ਰਹਿ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਬਹੁਤ ਜਲਦ ਪੁਲਿਸ ਦੀ ਗ੍ਰਿਫ਼ਤ ਦੇ ਵਿਚ ਹੋਣਗੇ।