10-03-2025
ਸਾਕਾਰਾਤਮਕ ਸੋਚ
ਮਨੁੱਖ ਦੇ ਜੀਵਨ ਨੂੰ ਘੜਨ ਵਾਲਾ ਉਸ ਦਾ ਆਪਣਾ ਹੀ ਮਨ ਹੁੰਦਾ ਹੈ। ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਨ ਲਈ ਮਿਹਨਤ ਦੇ ਨਾਲ ਸਾਕਾਰਾਤਮਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਤੰਦਰੁਸਤ ਅਤੇ ਲੰਬੀ ਉਮਰ ਜਿਊਣ ਲਈ ਵੀ ਸਾਕਾਰਾਤਮਕ ਸੋਚ ਦੀ ਅਹਿਮ ਭੂਮਿਕਾ ਹੈ। ਜੇ ਤੁਸੀਂ ਜ਼ਿੰਦਗੀ ਦੇ ਮਿੱਥੇ ਟੀਚੇ 'ਤੇ ਪਹੁੰਚਣਾ ਹੈ ਤਾਂ ਤੁਹਾਡੀ ਸੋਚ ਸਾਕਾਰਾਤਮਿਕ ਹੋਣੀ ਚਾਹੀਦੀ ਹੈ। ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।
ਢਹਿੰਦੀ ਕਲਾ ਸਫਲਤਾ ਹਾਸਲ ਕਰਨ ਵਿਚ ਅੜਿੱਕਾ ਬਣਦੀ ਹੈ ਤੇ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਵੀ ਬਣ ਜਾਂਦੀ ਹੈ। ਚੰਗੀ ਸੋਚ ਨਾਲ ਹੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ। ਨੈਗੇਟਿਵ ਸੋਚ ਨਾਲ ਤੁਸੀਂ ਜ਼ਿੰਦਗੀ ਦੀਆਂ ਸਮੱਸਿਆਵਾਂ ਵਿਚ ਹੋਰ ਉਲਝ ਸਕਦੇ ਹੋ। ਜ਼ਿੰਦਗੀ ਦੇ ਮਿੱਥੇ ਟੀਚੇ 'ਤੇ ਪਹੁੰਚਣ ਲਈ ਅਤੇ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਧਿਆਨ ਕੇਂਦਰਿਤ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਤੁਹਾਡੀ ਸੋਚ ਸਾਕਾਰਾਤਮਿਕ ਹੈ। ਸਾਕਾਰਾਤਮਕ ਸੋਚ ਨਾਲ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਨਕਾਰਾਤਮਕ ਸੋਚ ਵਾਲਾ ਵਿਅਕਤੀ ਆਪਣੇ ਜੀਵਨ ਦੀਆਂ ਸਮੱਸਿਆਵਾਂ ਲਈ ਦੂਸਰਿਆਂ ਨੂੰ ਹੀ ਦੋਸ਼ ਦਿੰਦਾ ਰਹਿੰਦਾ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਹਰੇਕ ਪੱਤਝੜ ਤੋਂ ਬਾਅਦ ਬਹਾਰ ਆਉਂਦੀ ਹੈ। ਇਕ ਦਿਨ ਦਾ ਅੰਤ ਦੂਸਰੇ ਦਿਨ ਦੀ ਸ਼ੁਰੂਆਤ ਹੁੰਦਾ ਹੈ। ਸੋ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ।
-ਯਾਦਵਿੰਦਰ ਸਿੰਘ ਚਹਿਲ
ਤਜਰਬ
ਸਾਡੇ ਮਨੁੱਖੀ ਜੀਵਾਂ ਅੰਦਰ ਅਨੇਕਾਂ ਕੰਮਾਂ-ਕਾਰਾਂ ਅਤੇ ਗਿਆਨ-ਧਿਆਨ ਸੰਬੰਧੀ ਤਜਰਬੇ ਮੌਜੂਦ ਹੁੰਦੇ ਹਨ। ਇਨ੍ਹਾਂ ਤਜਰਬਿਆਂ ਕਾਰਨ ਹੀ ਅਸੀਂ ਜੀਵਨ ਵਿਚ ਸਹੀ ਫ਼ੈਸਲੇ ਲੈਣ ਵਿਚ ਸਫ਼ਲ ਹੁੰਦੇ ਹਾਂ। ਮਨੁੱਖੀ ਤਜਰਬਾ ਸਾਡੀ ਚੇਤਨਾ 'ਤੇ ਨਿਰਭਰ ਕਰਦਾ ਹੈ। ਚੇਤਨਾ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਹੜੀ ਹਰ ਸਮੇਂ ਵਾਤਾਵਰਨ ਵਿਚ ਮੌਜੂਦ ਮਨੁੱਖਾਂ, ਜੀਵਾਂ ਤੇ ਪਦਾਰਥਾਂ ਬਾਰੇ ਵਿਚਾਰ ਕਰਕੇ ਆਦਾਨ-ਪ੍ਰਦਾਨ ਕਰਦੀ ਰਹਿੰਦੀ ਹੈ। ਚੇਤਨਾ ਦੇ ਤਿੰਨ ਤੱਤ ਹੁੰਦੇ ਹਨ, ਸੰਵੇਦਨਾ, ਪ੍ਰਤਿਮਾ ਤੇ ਭਾਵ। ਸੰਵੇਦਨਾ ਦਾ ਸੰਬੰਧ ਗਿਆਨ ਇੰਦਰੀਆਂ ਦੁਆਰਾ ਅਨੇਕਾਂ ਚੀਜ਼ਾਂ ਨੂੰ ਵੇਖਣ ਤੋਂ ਹੁੰਦਾ ਹੈ। ਪ੍ਰਤਿਮਾ ਜਾਂ ਪ੍ਰਤੀਬਿੰਬ ਦਾ ਸੰਬੰਧ ਗਿਆਨ ਇੰਦਰੀਆਂ ਦੁਆਰਾ ਵੇਖੀਆਂ ਗਈਆਂ ਅਨੇਕਾਂ ਪ੍ਰਕਾਰ ਦੀਆਂ ਵਸਤਾਂ, ਜੀਵਾਂ ਤੇ ਮਨੁੱਖਾਂ ਆਦਿ ਬਾਰੇ ਕੋਈ ਵਿਚਾਰ ਸਥਾਪਿਤ ਕਰਨ ਤੋਂ ਹੁੰਦਾ ਹੈ ਜਦੋਂ ਕਿ ਭਾਵ ਤੋਂ ਅਰਥ ਇਨ੍ਹਾਂ ਵਸਤਾਂ ਦੇ ਸੰਬੰਧੀ ਖ਼ੁਸ਼ੀ, ਗਮੀ, ਦੁੱਖ ਜਾਂ ਉਦਾਸੀਨਤਾ ਮਹਿਸੂਸ ਕਰਨ ਤੋਂ ਹੁੰਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ
ਅਮਰੀਕਾ ਦਾ ਗ਼ੈਰ-ਮਨੁੱਖੀ ਵਤੀਰਾ
ਬੀਤੇ ਦਿਨੀਂ ਅਮਰੀਕਾ ਦੀ ਟਰੰਪ ਸਰਕਾਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਅਤੇ ਫੜੇ ਗਏ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਫ਼ੌਜੀ ਮਾਲਵਾਹਕ ਜਹਾਜ਼ ਰਾਹੀਂ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ ਪਾ ਕੇ ਜਿਸ ਜ਼ਲਾਲਤ ਭਰੇ ਢੰਗ ਨਾਲ ਰਾਜਾਸਾਂਸੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਭੇਜਿਆ ਗਿਆ, ਉਹ ਅਤਿ ਨਿੰਦਣਯੋਗ ਅਤੇ ਗ਼ੈਰ ਮਾਨਵੀ ਵਰਤਾਓ ਵਾਲੀ ਕਾਰਵਾਈ ਹੈ। ਥੁੜਾਂ ਮਾਰੇ ਇਨ੍ਹਾਂ ਭਾਰਤੀ ਲੋਕਾਂ ਦੇ ਮਨਾਂ ਵਿਚ ਅਨੇਕਾਂ ਸੁਪਨੇ ਸਨ ਅਤੇ ਉਹ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜ਼ਮੀਨ ਜਾਇਦਾਦ ਵੇਚ ਕੇ/ਗਹਿਣੇ ਪਾ ਕੇ ਜਾਂ ਕਰਜ਼ੇ ਚੁੱਕ ਕੇ ਧੋਖੇਬਾਜ਼ ਏਜੰਟਾਂ ਰਾਹੀਂ ਕਈ-ਕਈ ਦਿਨ ਭੁੱਖੇ-ਪਿਆਸੇ ਰਹਿ ਕੇ ਅਤੇ ਅੰਤਾਂ ਦੀਆਂ ਮੁਸ਼ਕਿਲਾਂ/ਪਰੇਸ਼ਾਨੀਆਂ ਨੂੰ ਸਹਾਰਦੇ ਹੋਏ ਅਮਰੀਕਾ ਪੁੱਜੇ ਸਨ। ਪਰ ਮੌਜੂਦਾ ਟਰੰਪ ਸਰਕਾਰ ਨੇ ਉਨ੍ਹਾਂ ਨਾਲ ਪਸ਼ੂਆਂ ਤੋਂ ਵੀ ਘਟੀਆ ਵਿਵਹਾਰ ਕੀਤਾ ਹੈ, ਜਿਸ ਨੂੰ ਕਿਵੇਂ ਵੀ ਉਚਿਤ ਨਹੀਂ ਆਖਿਆ ਜਾ ਸਕਦਾ।
ਇਸ ਘਟਨਾ ਤੋਂ ਸਾਨੂੰ ਨਸੀਅਤ ਲੈਣੀ ਬਣਦੀ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਕਿਸੇ ਵੀ ਮੁਲਕ ਵਿਚ ਜਾਣਾ ਬਿਲਕੁਲ ਜਾਇਜ਼ ਨਹੀਂ?''
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਜ਼ਿੰਦਗੀ ਸਬਕਾਂ ਦਾ ਸਫ਼ਰ ਹੈ
ਇਨਸਾਨੀ ਜ਼ਿੰਦਗੀ ਸਬਕਾਂ ਦਾ ਸਫ਼ਰ ਹੈ। ਰੋਜ਼ਾਨਾ ਚੜ੍ਹਦੇ ਦਿਨ ਨਾਲ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਹੋ ਜਾਂਦਾ ਹੈ। ਹਰ ਰੋਜ਼ ਨਵਾਂ ਸਬਕ ਸਿੱਖਣ ਲਈ ਜ਼ਿੰਦਗੀ ਥੋੜ੍ਹੀ ਪੈ ਜਾਂਦੀ ਹੈ। ਦਿਨ ਚੜ੍ਹਨ ਤੋਂ ਲੈ ਕੇ ਹਨੇਰਾ ਪੈਣ ਤੱਕ ਸਬਕਾਂ ਦੀ ਲੜੀ ਹਰ ਸਾਹ ਨਾਲ ਚਲਦੀ ਰਹਿੰਦੀ ਹੈ। ਪਰ ਜ਼ਰੂਰੀ ਹੈ ਸਬਕ ਸਿੱਖਣ ਲਈ ਸਾਡਾ ਭਾਂਡਾ ਸਿੱਧਾ ਹੋਵੇ। ਸਿਆਣੇ ਕਹਿੰਦੇ ਹਨ, ਕੁਝ ਵੀ ਸਿੱਖਣ ਤੋਂ ਪਹਿਲਾਂ ਤੁਹਾਡੇ ਅੰਦਰ ਸਿੱਖਣ ਦੀ ਇੱਛਾ ਹੋਣੀ ਜ਼ਰੂਰੀ ਹੈ। ਜ਼ਿੰਦਗੀ ਵਿਚ ਸਬਕ ਚੰਗੇ ਵੀ ਮਿਲਦੇ ਹਨ ਤੇ ਮਾੜੇ ਵੀ। ਪਰਖ ਅਸੀਂ ਕਰਨੀ ਹੈ, ਸਬਕ ਦੀ ਕਿਹੜੀ ਗੱਲ ਰੱਖਣੀ ਹੈ ਤੇ ਕਿਹੜੀ ਛੱਡਣੀ ਹੈ। ਚੰਗੇ ਸਬਕ ਜ਼ਿੰਦਗੀ ਦਾ ਆਧਾਰ ਬਣਾਉਣਗੇ। ਜ਼ਿੰਦਗੀ ਨਿੱਖਰ ਜਾਏਗੀ, ਭਾਂਡਾ ਮੂਧਾ ਮਾਰ ਕੇ ਰੱਖਣ ਨਾਲ ਜ਼ਿੰਦਗੀ ਬਿਖਰ ਜਾਏਗੀ।
-ਅਵਤਾਰ ਸਿੰਘ ਸੌਜਾ ਪਟਿਆਲਾ।
ਪਾਣੀ ਪੀਣ ਦੇ ਬੇਮਿਸਾਲ ਫਾਇਦੇ
ਅਜੀਤ ਦੇ ਸੰਪਾਦਕੀ ਪੰਨੇ 'ਤੇ ਛਪਿਆ ਲੇਖ 'ਜ਼ਰੂਰੀ ਹੈ ਸਰੀਰ ਦਾ ਸ਼ੁੱਧੀਕਰਨ' ਪੜ੍ਹਿਆ। ਲੇਖ ਪੜ੍ਹ ਕੇ ਮਹਿਸੂਸ ਹੋਇਆ ਕਿ ਕਿਵੇਂ ਪਾਣੀ ਸਾਡੇ ਲਈ ਅੰਮ੍ਰਿਤ ਹੈ। ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਰੋਜ਼ ਸੇਵੇਰੇ ਉੱਠ ਕੇ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਦੀ ਸ਼ੁੱਧੀ ਹੁੰਦੀ ਹੈ। ਦਿਨ ਵਿਚ 10 ਤੋਂ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਨਾਲ ਸਾਡੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਜੇਕਰ ਅਸੀਂ ਜ਼ਿਆਦਾ ਪਾਣੀ ਨਹੀਂ ਪੀ ਸਕਦੇ ਤਾਂ ਪਾਣੀ ਵਿਚ ਨਿੰਬੂ ਪਾ ਕੇ ਪੀ ਸਕਦੇ ਹਾਂ। ਇਹ ਵੀ ਸਾਡੇ ਸਰੀਰ ਨੂੰ ਡਿਟੋਕਸ ਕਰਦਾ ਹੈ।
-ਲਵਪ੍ਰੀਤ ਕੌਰ