ਮੋਟਰਸਾਈਕਲ ਤੇ ਆਲਟੋ ਕਾਰ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ

ਕਪੂਰਥਲਾ, 15 ਫਰਵਰੀ (ਅਮਨਜੋਤ ਸਿੰਘ ਵਾਲੀਆ)-ਅੰਮ੍ਰਿਤਸਰ ਚੁੰਗੀ ਨੇੜੇ ਦੇਰ ਰਾਤ ਮੋਟਰਸਾਈਕਲ ਤੇ ਆਲਟੋ ਕਾਰ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਤੇ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਨੂਰਪੁਰ ਰਾਜਪੂਤਾਂ, ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜਗਨ ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨੂਰਪੁਰ ਰਾਜਪੂਤਾਂ ਕਪੂਰਥਲਾ ਸ਼ਹਿਰ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ ਜਦ ਉਹ ਅੰਮ੍ਰਿਤਸਰ ਚੁੰਗੀ ਨੇੜੇ ਪਹੁੰਚੇ ਤਾਂ ਇੱਕ ਟਰਾਲੀ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਆਉਂਦੀ ਅਲਟੋ ਕਾਰ ਨਾਲ ਉਹਨਾਂ ਦੀ ਜਬਰਦਸਤ ਟੱਕਰ ਹੋ ਗਈ ਜਿਸ ਵਿੱਚ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਜਖਮੀ ਹੋ ਗਏ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਜਿੱਥੇ ਡਿਊਟੀ ਡਾ. ਆਸ਼ੀਸ਼ ਪਾਲ ਸਿੰਘ ਨੇ ਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੋਵੇਂ ਜਖਮੀ ਨੌਜਵਾਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੀ ਹਾਲਤ ਗੰਭੀਰ ਦੇਖਦਿਆਂ ਉਹਨਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਸ ਸੜਕ ਹਾਦਸੇ ਵਿੱਚ ਮੋਟਰਸਾਈਕਲ ਤੇ ਆਲਟੋ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਹਨ। ਮੌਕੇ ਤੇ ਪਹੁੰਚੇ ਥਾਣਾ ਕੋਤਵਾਲੀ ਦੇ ਏਐਸਆਈ ਬਲਦੇਵ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ।