ਮਹੀਨਾ ਪਹਿਲਾਂ ਦੁਬਈ ਗਏ ਨੌਜਵਾਨ ਦੀ ਹੋਈ ਮੌਤ


ਅਜਨਾਲਾ, (ਅੰਮ੍ਰਿਤਸਰ), 15 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੇ ਪਰਿਵਾਰ ਦੇ ਭਵਿੱਖ ਨੂੰ ਹੋਰ ਸੁਨਹਿਰਾ ਬਣਾਉਣ ਅਤੇ ਰੋਜ਼ੀ ਰੋਟੀ ਦੀ ਭਾਲ ਲਈ ਕੁਝ ਦਿਨ ਪਹਿਲਾਂ ਹੀ ਦੁਬਈ ਪਹੁੰਚੇ ਅਜਨਾਲਾ ਨੇੜਲੇ ਪਿੰਡ ਰਿਆੜ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਦੁਖਦਾਈ ਮੌਤ ਹੋ ਗਈ। ਨੌਜਵਾਨ ਕਿੱਕਰ ਸਿੰਘ ਦੀ ਮੌਤ ਦਾ ਪਤਾ ਚੱਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ। ਦੁਬਈ ਵਿਚ ਮਰਨ ਵਾਲੇ ਨੌਜਵਾਨ ਕਿੱਕਰ ਸਿੰਘ ਦੀ ਪਤਨੀ ਵਿਪਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ 17 ਜਨਵਰੀ ਨੂੰ ਹੀ ਰੋਜ਼ੀ ਰੋਟੀ ਦੀ ਭਾਲ ਵਿਚ ਦੁਬਈ ਗਿਆ ਸੀ ਤਾਂ ਅਚਾਨਕ 13 ਫਰਵਰੀ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਸਰਕਾਰ ਅਤੇ ਐਨ.ਆਰ.ਆਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਕੋਲੋਂ ਮੰਗ ਕੀਤੀ ਕਿ ਮੇਰੇ ਪਤੀ ਕਿੱਕਰ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਿਮ ਦਰਸ਼ਨ ਦੇ ਅੰਤਿਮ ਰਸਮਾਂ ਆਪਣੇ ਹੱਥੀ ਕਰ ਸਕੀਏ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਅਤੇ ਸਰਪੰਚ ਇਕਬਾਲ ਸਿੰਘ ਰਿਆੜ ਨੇ ਕਿਹਾ ਕਿ ਕਿੱਕਰ ਸਿੰਘ ਦੀ ਦੁਬਈ ਵਿਚ ਹੋਈ ਮੌਤ ਸੰਬੰਧੀ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਕਿੱਕਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।