ਪਿੰਡ ਕੁਤਬੀਵਾਲ ਦੇ ਨੌਜਵਾਨ ਦਾ ਗੁਆਂਢੀ ਤੇ ਸਾਥੀ ਦੋਸਤਾਂ ਵਲੋਂ ਕਤਲ

ਲੋਹੀਆਂ ਖਾਸ, 12 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਬਲਾਕ ਦੇ ਪਿੰਡ ਕੁਤਬੀਵਾਲ ਦੇ ਇਕ ਨੌਜਵਾਨ ਦਾ ਸਾਥੀ ਦੋਸਤਾਂ ਵਲੋਂ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਹੋਏ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੁਤਬੀਵਾਲ ਨੇ ਦੱਸਿਆ ਕਿ ਉਸ ਦੇ ਭਰਾ ਜਸਵਿੰਦਰ ਸਿੰਘ (29) ਜੋ ਸ਼ਾਦੀਸ਼ੁਦਾ ਹੈ, ਨੂੰ ਉਨ੍ਹਾਂ ਦਾ ਹੀ ਇਕ ਗੁਆਂਢੀ ਆਪਣੇ ਹੋਰ ਸਾਥੀਆਂ ਨਾਲ ਲੰਘੀ ਰਾਤ ਕਰੀਬ 9:15 ਵਜੇ ਸਾਡੇ ਘਰ ਆਏ ਅਤੇ ਮੇਰੇ ਭਰਾ ਨੂੰ ਜ਼ਰੂਰੀ ਕੰਮ ਦਾ ਕਹਿ ਕੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਥੋੜ੍ਹੀ ਦੇਰ ਬਾਅਦ ਅਸੀਂ ਫੋਨ ਲਗਾਇਆ ਤਾਂ ਮੋਬਾਇਲ ਫੋਨ ਬੰਦ ਆਇਆ। ਉਪਰੰਤ ਕਥਿਤ ਦੋਸ਼ੀਆਂ ਦਾ ਸਾਨੂੰ ਫੋਨ ਆਇਆ ਕਿ ਅਸੀਂ ਤੁਹਾਡਾ ਮੁੰਡਾ ਜਸਵਿੰਦਰ ਸਿੰਘ ਵੱਢ ਦਿੱਤਾ ਹੈ, ਉਸ ਦੀ ਲਾਸ਼ ਪਿੰਡ ਜੱਬੋਵਾਲ ਤੋਂ ਪਿੰਡ ਰਾਮੇ (ਥਾਣਾ ਸੁਲਤਾਨਪੁਰ ਲੋਧੀ) ਸੜਕ ’ਤੇ ਪਈ ਹੈ, ਆ ਕੇ ਲੈ ਜਾਓ, ਜਿਸ ’ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਨਾਲ ਲੈ ਕੇ ਉਕਤ ਜਗ੍ਹਾ ’ਤੇ ਪੁੱਜੇ ਤਾਂ ਖੂਨ ਨਾਲ ਲੱਥਪੱਥ ਹੋਏ ਜਸਵਿੰਦਰ ਸਿੰਘ ਨੂੰ ਚੁੱਕ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਜਾਇਆ ਗਿਆ, ਜਿਥੇ ਉਸਨੇ ਜ਼ਿਆਦਾ ਖੂਨ ਵਹਿਣ ਕਾਰਨ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਮੁਤਾਬਕ ਜ਼ਖਮੀ ਜਸਵਿੰਦਰ ਸਿੰਘ ਨੇ ਉਸ ਨੂੰ ਮਾਰਨ ਵਾਲੇ ਚਾਰੇ ਦੋਸ਼ੀਆਂ ਦੇ ਨਾਮ ਵੀ ਦੱਸ ਦਿੱਤੇ ਸਨ।