ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇਗਾ- ਡੀ.ਐਸ.ਪੀ. ਰਾਜੇਸ਼ ਸਨੇਹੀ

ਰਾਮਾ ਮੰਡੀ (ਬਠਿੰਡਾ), 9 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ) - ਪੰਜਾਬ ਸਰਕਾਰ ਵਲੋਂ ਸਾਈਬਰ ਕ੍ਰਾਈਮ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਮਾਨਵਾਲਾ ਵਿਖੇ ਮਾਨਯੋਗ ਡੀ.ਜੀ.ਪੀ. ਪੰਜਾਬ, ਆਈ.ਜੀ. ਬਠਿੰਡਾ ਅਤੇ ਐਸ.ਐਸ.ਪੀ. ਮੈਡਮ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿਚ ਤਲਵੰਡੀ ਸਾਬੋ ਦੇ ਡੀ.ਐਸ.ਪੀ. ਰਾਜੇਸ਼ ਸਨੇਹੀ ਨੇ ਕਿਹਾ ਕਿ ਨਸ਼ੇ ਦੀ ਭੈੜੀ ਲਾਹਨਤ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਅਜਿਹੇ ਮਾੜੇ ਅਨਸਰ ਦਾ ਲੋਕਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇਗਾ।