![](/cmsimages/20250208/4773934__psd new raamanb water-recovered-recovered.jpg)
ਗੁਰੂਹਰਸਹਾਏ/ਫ਼ਿਰੋਜ਼ਪੁਰ/ਸੰਦੌੜ, 8 ਫਰਵਰੀ (ਜਸਵੀਰ ਸਿੰਘ ਜੱਸੀ/ਲਖਵਿੰਦਰ ਸਿੰਘ/ਕਪਿਲ ਕੰਧਾਰੀ)-ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਹੱਕ ਵਿਚ ਇਤਿਹਾਸਿਕ ਫਤਵਾ ਦੇ ਕੇ ਭਾਜਪਾ ਨੂੰ ਜੇਤੂ ਬਣਾਇਆ। ਦਿੱਲੀ ਦੇ ਵੋਟਰਾਂ ਨੇ ਭਾਜਪਾ ਨੂੰ ਹੀ ਨਹੀਂ ਜਿਤਾਇਆ ਸਗੋਂ ਭਾਜਪਾ ਦੀਆਂ ਦੇਸ਼-ਪੱਖੀ ਨੀਤੀਆਂ ਨੂੰ ਤਰਜੀਹ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਦਿਹਾਤੀ ਪ੍ਰਧਾਨ ਕਾਲਾ ਖਾਨ ਖੁਰਦ ਨੇ ਪਿੰਡ ਖੁਰਦ ਅਤੇ ਸੰਦੌੜ ਵਿਖੇ ਢੋਲ ਵਜਾਉਂਦੇ ਹੋਏ ਜਿੱਤ ਦੇ ਲੱਡੂ ਵੰਡਦਿਆਂ ਹੋਇਆਂ ਗੱਲਬਾਤ ਕਰਦਿਆਂ ਕੀਤਾ। ਇਸੇ ਤਰ੍ਹਾਂ ਦਿੱਲੀ ਵਿਚ ਬਣੀ ਭਾਜਪਾ ਦੀ ਸਰਕਾਰ ਦੀ ਖੁਸ਼ੀ ਵਿਚ ਅੱਜ ਗੁਰੂਹਰਸਹਾਏ ਦੇ ਭਾਜਪਾ ਵਰਕਰਾਂ ਵਲੋਂ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਦੇ ਬਾਹਰ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੱਡੂ ਵੰਡੇ ਗਏ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਉਤੇ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਜਪਾ ਦੇ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਿਆਸੀ ਸਲਾਹਕਾਰ ਵਿੱਕੀ ਸਿੱਧੂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਕਰਵਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕ ਭਲਾਈ ਦੇ ਜਿਹੜੇ ਕੰਮ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਦੇਖਦਿਆਂ ਦਿੱਲੀ ਦੇ ਲੋਕਾਂ ਨੇ ਫਤਵਾ ਦਿੱਤਾ ਹੈ। ਇੰਝ ਹੀ ਫ਼ਿਰੋਜ਼ਪੁਰ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਰਾਹਗੀਰਾਂ ਨੂੰ ਲੱਡੂ ਵੰਡੇ ਤੇ ਪਟਾਕੇ ਵੀ ਚਲਾਏ। ਇਸ ਮੌਕੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਨੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ’ਤੇ ਦਿੱਲੀ ਦੀ ਜਨਤਾ, ਭਾਜਪਾ ਵਰਕਰਾਂ ਅਤੇ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਦਿੱਤੀ।