16-07-2025
ਮੋਦੀ-ਟਰੰਪ ਦੋਸਤੀ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਹੁਕਮਾਂ ਨਾਲ ਜਦੋਂ ਭਾਰਤੀ ਨੌਜਵਾਨਾਂ ਨੂੰ ਫ਼ੌਜੀ ਜਹਾਜ਼ ਰਾਹੀਂ ਹੱਥਕੜੀ ਅਤੇ ਪੈਰੀਂ ਬੇੜੀਆਂ ਲਾ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਉਤਾਰਿਆ ਤਾਂ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਬਹੁਤ ਦੁੱਖ ਲੱਗਾ। ਉਨ੍ਹਾਂ ਨੌਜਵਾਨਾਂ ਦਾ ਕਸੂਰ ਇਹ ਸੀ ਕਿ ਉਹ ਗ਼ਲਤ ਢੰਗ ਨਾਲ ਅਮਰੀਕਾ ਗਏ ਸਨ। ਉਹ ਕਸੂਰਵਾਰ ਜ਼ਰੂਰ ਸਨ, ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ, ਉਹ ਉਨ੍ਹਾਂ ਦੀ ਨਹੀਂ ਸਗੋਂ ਸਾਰੇ ਭਾਰਤ ਦੀ ਤੌਹੀਨ ਸੀ। ਕੁਝ ਦਿਨਾਂ ਬਾਅਦ ਮੋਦੀ ਅਤੇ ਟਰੰਪ ਦੀ ਮੀਟਿੰਗ ਹੋਣ ਵਾਲੀ ਸੀ। ਲੋਕ ਚਾਹੁੰਦੇ ਸਨ ਕਿ ਮੋਦੀ ਟਰੰਪ ਨਾਲ ਇਸ ਮਸਲੇ 'ਤੇ ਗੱਲ ਕਰਨ, ਪਰ ਇਸ ਮਸਲੇ 'ਤੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਹੋਣੀ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਨੌਜਵਾਨਾਂ, ਮੁੰਡੇ-ਕੁੜੀਆਂ ਨੂੰ ਮੋਟੀਆਂ ਰਕਮਾਂ ਖ਼ਰਚ ਕਰ ਕੇ ਰੁਜ਼ਗਾਰ ਦੀ ਭਾਲ ਵਿਚ ਗ਼ਲਤ ਢੰਗ ਨਾਲ ਵਿਦੇਸ਼ਾਂ ਵਿਚ ਕਿਉਂ ਜਾਣਾ ਪੈ ਰਿਹਾ ਹੈ। ਦੇਸ਼ ਦੀਆਂ ਬੇਟੀਆਂ ਵੀ ਘਰ ਦਾ ਰੋਟੀ ਟੁੱਕ ਚਲਾਉਣ ਲਈ ਖਾੜੀ ਦੇਸ਼ਾਂ ਵਿਚ ਜਾ ਕੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ।
-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ (ਕਪੂਰਥਲਾ)
ਹੜ੍ਹਾਂ ਬਾਰੇ ਬਣੇ ਠੋਸ ਯੋਜਨਾ
ਹਰ ਸਾਲ ਹੀ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਹਾਲ ਵਿਚ ਪਏ ਭਾਰੀ ਮੀਂਹ ਨਾਲ ਚਾਰੇ ਪਾਸੇ ਪਾਣੀ ਇਕੱਠੇ ਹੋਣ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਪਾਣੀ ਦੇ ਨਾਲ ਹੜ੍ਹਾਂ ਵਰਗੇ ਹਾਲਾਤ ਨਾ ਬਣਨ ਇਸ ਲਈ ਬਰਸਾਤਾਂ ਤੋਂ ਪਹਿਲਾਂ ਨਖਾਸੂ, ਨਾਲੇ, ਨਹਿਰਾਂ, ਦਰਿਆ, ਛੱਪੜਾਂ, ਟੋਹਿਆਂ ਦੀ ਕ੍ਰੇਨ ਨਾਲ ਖੁਦਾਈ ਕੀਤੀ ਜਾਂਦੀ ਸੀ। ਸਾਡੀ ਪੈਲੀ ਤੇ ਪਿੰਡ ਲਾਗੇ ਦੋ ਨਖਾਸੂ ਲੰਘਦੇ ਸੀ, ਪਾਣੀ ਦੇ ਨਿਕਾਸ ਵਾਸਤੇ ਪਿੰਡਾਂ ਦੇ ਚਾਰ ਚੁਫੇਰੇ ਛੱਪੜ ਸਨ। ਅਸੀਂ ਝਲਾਰ ਰਾਹੀਂ ਨਖਾਸੂ ਵਿਚੋਂ ਪਾਣੀ ਕੱਢ ਕੇ ਫ਼ਸਲਾਂ ਦੀ ਸਿੰਚਾਈ ਕਰਦੇ ਸੀ। ਪਰ ਹੁਣ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਦਿੰਦਾ ਹੈ, ਜਿਸ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਵੀ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਸੰਜੀਦਗੀ ਨਾਲ ਇਸ ਪ੍ਰਤੀ ਵਿਚਾਰ ਕਰਦਿਆਂ ਲਾਪਰਵਾਈ ਜਾਂ ਜਾਣ ਬੁੱਝ ਕੇ ਅਣਗਹਿਲੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ।
-ਗੁਰਮੀਤ ਸਿੰਘ ਵੇਰਕਾ
ਆਪਣੇ ਆਪ ਨਾਲ ਕਰੀਏ ਵਾਅਦਾ
ਅੱਜ ਜਿਵੇਂ-ਜਿਵੇਂ ਤਕਨਾਲੋਜੀ ਦਾ ਵਿਕਾਸ ਹੁੰਦਾ ਜਾਂਦਾ ਹੈ ਤਾਂ ਖੋਜ ਤੇ ਅਧਿਐਨ ਦਾ ਰੂਪ ਵੀ ਬਦਲਦਾ ਜਾ ਰਿਹਾ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਵਿਅਕਤੀ ਦੇ ਮਿਜਾਜ਼ (ਮੂਡ) 'ਚ ਤਬਦੀਲੀ ਨੂੰ ਲੈ ਕੇ ਇਕ ਅਧਿਐਨ ਕੀਤਾ ਹੈ। ਯੂਨੀਵਰਸਿਟੀ ਦੇ ਅਧਿਐਨਕਰਤਾਵਾਂ ਨੇ ਮੋਬਾਈਲ ਫੋਨ ਦੇ ਜ਼ਿਆਦਾ ਪ੍ਰਯੋਗ ਰਾਹੀਂ ਆ ਰਹੀਆਂ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ 35,000 ਵਿਅਕਤੀਆਂ ਦੇ ਇਕ ਸਮੂਹ ਨੂੰ ਅਧਿਐਨ ਲਈ ਚੁਣਿਆ। ਉਨ੍ਹਾਂ ਨੂੰ ਇਕ ਤੋਂ ਛੇ ਹਫ਼ਤੇ ਤੱਕ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਲਾਗ ਆਊਟ ਰਹਿਣ ਲਈ ਕਿਹਾ ਗਿਆ। ਨਤੀਜਾ ਇਹ ਨਿਕਲਿਆ ਕਿ ਇਨ੍ਹਾਂ ਵਿਅਕਤੀਆਂ ਦੇ ਮਿਜਾਜ਼ ਵਿਚ 4 ਤੋਂ 6 ਫ਼ੀਸਦੀ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ। ਅੱਜ ਸਾਨੂੰ ਮੋਬਾਈਲ ਰੂਪੀ ਨਸ਼ੇ ਦੀ ਅਜਿਹੀ ਲੱਤ ਲੱਗ ਚੁੱਕੀ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਨਿਰਾਰਥਕ ਤੇ ਫਾਲਤੂ ਕੰਟੈਂਟ ਲਈ ਘੰਟਿਆਂ ਬੱਧੀ ਇਸ ਨਾਲ ਚਿੰਬੜੇ ਰਹਿਣ ਨਾਲ ਸਰੀਰਕ ਤੇ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਜਾ ਰਹੇ ਹਾਂ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ
ਹੱਕ-ਆਵਾਜ਼ ਵੀ, ਜ਼ਿੰਮੇਵਾਰੀ ਵੀ
ਹੱਕ ਅਧਿਕਾਰ ਕਿਸੇ ਰਾਜਨੀਤਕ ਨਾਅਰੇ ਜਾਂ ਕਾਨੂੰਨੀ ਕਾਗਜ਼ਾਂ ਦੀ ਗੱਲ ਨਹੀਂ, ਇਹ ਇਕ ਇਨਸਾਨੀ ਜ਼ਿੰਦਗੀ ਦਾ ਆਧਾਰ ਹੈ। ਹਰ ਮਨੁੱਖ ਜਨਮ ਤੋਂ ਹੀ ਕੁਝ ਮੂਲ ਹੱਕਾਂ ਜੀਊਣ ਦਾ ਹੱਕ, ਇੱਜ਼ਤ ਨਾਲ ਜੀਊਣ ਦਾ ਹੱਕ, ਬੋਲਣ ਤੇ ਸੋਚਣ ਦੀ ਆਜ਼ਾਦੀ, ਸਿੱਖਿਆ, ਰੁਜ਼ਗਾਰ ਅਤੇ ਸਮਾਨਤਾ ਦੇ ਹੱਕ ਨਾਲ ਜੁੜਿਆ ਹੁੰਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਇਹ ਹੱਕ ਸਦਾ ਕਿਸੇ ਨੇ ਸੌਂਪ ਕੇ ਨਹੀਂ ਦਿੱਤੇ, ਸਗੋਂ ਲੰਮੇ ਸੰਘਰਸ਼ਾਂ ਦੇ ਨਾਲ ਕੁਰਬਾਨੀਆਂ ਦੇ ਰਾਹੀਂ ਲਏ ਗਏ ਹਨ। ਹੱਕ ਸਿਰਫ਼ ਲੈਣ ਦੀ ਗੱਲ ਨਹੀਂ, ਉਹ ਨਿਭਾਉਣ ਦੀ ਵੀ ਗੱਲ ਹੁੰਦੀ ਹੈ। ਜਿਵੇਂ ਸਾਨੂੰ ਸਿੱਖਿਆ ਦਾ ਹੱਕ ਮਿਲਿਆ ਹੈ, ਤਾਂ ਸਾਨੂੰ ਸਮਾਜ ਵਿਚ ਗਿਆਨ ਦੀ ਰੌਸ਼ਨੀ ਫੈਲਾਉਣ ਦਾ ਫ਼ਰਜ਼ ਵੀ ਨਿਭਾਉਣਾ ਚਾਹੀਦਾ ਹੈ। ਹੱਕਾਂ ਦੀ ਰੱਖਿਆ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਬਲਕਿ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ। ਅੱਜ ਦੇ ਸਮੇਂ ਵਿਚ ਜਦ ਨਫ਼ਰਤ, ਭੇਦਭਾਵ ਅਤੇ ਬੇਇਨਸਾਫ਼ੀ ਵਧ ਰਹੀ ਹੈ, ਉਸ ਵੇਲੇ ਹੱਕਾਂ ਦੀ ਗੱਲ ਕਰਨਾ ਕਾਇਮ ਰਹਿਣ ਦੀ ਲੜਾਈ ਵਰਗਾ ਹੈ। ਆਓ, ਆਪਣੇ ਹੱਕਾਂ ਲਈ ਜਾਗੀਏ!
-ਮੰਜੂ ਰਾਇਕਾ
ਰਣਬੀਰ ਕਾਲਜ, ਸੰਗਰੂਰ।