![](/cmsimages/20250208/4773910__psd new raamanb water-recovered-recovered.jpg)
ਗੜ੍ਹਸ਼ੰਕਰ (ਹੁਸ਼ਿਆਰਪੁਰ), 8 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਤੋਂ ਕਰੀਬ 2 ਕਿਲੋਮੀਟਰ ਦੂਰੀ ’ਤੇ ਚੰਡੀਗੜ੍ਹ ਰੋਡ ’ਤੇ ਸਥਿਤ ਪਿੰਡ ਬਗਵਾਈਂ ਵਿਖੇ ਗੁਰਸੇਵਾ ਨਰਸਿੰਗ ਕਾਲਜ ਪਨਾਮ ਦੀ ਬੱਸ ਅਤੇ ਇਕ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ ’ਚ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਬਾਅਦ ਦੁਪਹਿਰ ਕਾਲਜ ’ਚ ਛੁੱਟੀ ਹੋਣ ਤੋਂ ਬਾਅਦ ਬੱਸ ਵਿਦਿਆਰਥਣਾਂ ਨੂੰ ਲੈ ਕੇ ਗੜ੍ਹਸ਼ੰਕਰ ਵੱਲ ਨੂੰ ਜਾ ਰਹੀ ਸੀ ਤੇ ਸਾਹਮਣੇ ਤੋਂ ਗੜ੍ਹਸ਼ੰਕਰ ਸਾਈਡ ਤੋਂ ਇਕ ਖੈਰ ਦੀ ਲੱਕੜ ਦਾ ਭਰਿਆ ਟਰੱਕ ਆ ਰਿਹਾ ਸੀ। ਦੋਵਾਂ ਵਾਹਨਾਂ ’ਚ ਟੱਕਰ ਹੋਣ ਤੋਂ ਬਾਅਦ ਬੱਸ ਪਲਟ ਗਈ ਤੇ ਇਕ ਰਾਹਗੀਰ ਮੋਟਰਸਾਈਕਲ ਵੀ ਬੱਸ ਹੇਠ ਆ ਗਿਆ। ਹਾਦਸੇ ’ਚ ਕਾਲਜ ਬੱਸ ਦੇ ਡਰਾਈਵਰ ਅਤੇ ਬੱਸ ਹੇਠ ਆਏ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਤੋਂ ਵਧੇਰੇ ਨਰਸਿੰਗ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਲਾਜ ਚੱਲ ਰਿਹਾ ਹੈ। ਹਾਦਸੇ ਕਾਰਨ ਸੜਕ ’ਤੇ ਕਾਫੀ ਸਮਾਂ ਟ੍ਰੈਫਿਕ ਜਾਮ ਰਹੀ।