ਕਾਰ ਦੇ ਨਹਿਰ 'ਚ ਡਿੱਗਣ ਕਾਰਨ ਯੂਥ ਕਾਂਗਰਸ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਮੌਤ

ਕੋਟਫ਼ਤੂਹੀ (ਹੁਸ਼ਿਆਰਪੁਰ), 2 ਫਰਵਰੀ (ਅਵਤਾਰ ਸਿੰਘ ਅਟਵਾਲ) - ਬੀਤੀ ਦੇਰ ਰਾਤ ਪਿੰਡ ਐਮਾ ਜੱਟਾਂ ਦੇ ਕਰੀਬ ਬਿਸਤ ਦੁਆਬ ਨਹਿਰ ਵਿਚ ਇਕ ਕਾਰ ਦੇ ਡਿੱਗਣ ਕਾਰਨ ਗੜ੍ਹਸ਼ੰਕਰ ਦੇ ਯੂਥ ਕਾਂਗਰਸ ਪ੍ਰਧਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਯੂਥ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ ਦੇ ਬਹੁਤ ਕਰੀਬੀ 30 ਸਾਲਾਂ ਚਤਿੰਦਰ ਸਿੰਘ ਮੌਜੀ ਪ੍ਰਧਾਨ ਯੂਥ ਕਾਂਗਰਸ ਗੜ੍ਹਸ਼ੰਕਰ ਬੀਤੀ ਦੇਰ ਸ਼ਾਮ ਕੋਟਫ਼ਤੂਹੀ ਵਲੋਂ ਆਪਣੇ ਪਿੰਡ ਪਦਰਾਣਾ ਨੂੰ ਆਪਣੀ ਕਾਰ ਵਿਚ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਐਮਾ ਜੱਟਾ ਦੇ ਕਰੀਬ ਬਿਸਤ ਦੁਆਬ ਨਹਿਰ ਵਿਚ ਕਾਰ ਡਿੱਗ ਪਈ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਵੇਰੇ ਰਾਹਗੀਰਾਂ ਨੇ ਇਸ ਹਾਦਸੇ ਸੰਬੰਧੀ ਕੋਟਫ਼ਤੂਹੀ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੂੰ ਸੂਚਿਤ ਕੀਤਾ, ਜਿਨ੍ਹਾਂ ਮੌਕੇ 'ਤੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਪਹੁੰਚਾਇਆ। ਘਟਨਾ ਦਾ ਪਤਾ ਲੱਗਦੇ ਹੀ ਯੂਥ ਕਾਂਗਰਸ ਦੇ ਨੌਜਵਾਨ ਘਟਨਾ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ।