ਵਿਧਾਇਕ ਦਿਆਲਪੁਰਾ ਦੇ ਘਰ ਅੱਗੇ ਧਰਨੇ 'ਚ ਗਰਜੇ ਰਾਜੇਵਾਲ, ਲੱਖੋਵਾਲ ਤੇ ਕਾਦੀਆਂ

ਸਮਰਾਲਾ (ਲੁਧਿਆਣਾ), 10 ਮਾਰਚ (ਰਾਮ ਗੋਪਾਲ ਸੋਫਤ)-ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਭਰ ਵਿਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਅੱਗੇ ਧਰਨੇ ਦਿੱਤੇ ਜਾਣ ਦੇ ਸੱਦੇ 'ਤੇ ਅੱਜ ਕਿਸਾਨਾਂ ਨੇ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਘਰ ਅੱਗੇ ਤਿੰਨ ਘੰਟੇ ਲਈ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਅੱਜ ਕਿਸਾਨੀ ਮੰਗਾਂ ਨੂੰ ਕੇਂਦਰ ਨਾਲ ਸਬੰਧਤ ਮੰਗਾਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 15 ਮਾਰਚ ਦੀ ਮੀਟਿੰਗ ਵਿਚ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ ਅਤੇ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਿਸਾਨ ਮੋਰਚਾ ਵੱਡਾ ਹੋਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ 5 ਮਾਰਚ ਨੂੰ ਕਿਸਾਨਾਂ ਦੀ ਗ੍ਰਿਫਤਾਰੀ ਅਤੇ ਕਿਸਾਨੀ ਮੰਗਾਂ ਤੋਂ ਟਾਲਾ ਵੱਟਣ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ 96 ਥਾਵਾਂ ਉਤੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ।