02-02-2025
ਜਿੱਥੋਂ ਸੂਰਜ ਉੱਗਿਆ
ਲੇਖਕ : ਰਾਮ ਲਾਲ ਪ੍ਰੇਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98155-17340
'ਜਿਥੋਂ ਸੂਰਜ ਉੱਗਿਆ' ਪੁਸਤਕ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜੱਦੀ ਪੁਸ਼ਤੀ ਪਿੰਡ ਗੜ ਕਲਾਂ ਫਿਰ ਖੱਟ ਗੜ ਕਲਾਂ ਤੋਂ ਹੁਣ 'ਖਟਕੜ ਕਲਾਂ' ਅਤੇ ਪੁਰਖਿਆਂ/ਵੱਡ-ਵਡੇਰਿਆਂ ਦੇ ਮਾਣਮੱਤੇ ਜੀਵਨ ਇਤਿਹਾਸ ਦੀ ਇਕ ਮਾਣ ਯੋਗ ਗਾਥਾ ਹੈ।
ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਵੱਡ ਵਡੇਰੇ ਨਕੜਦਾਦੇ ਫਤਿਹ ਸਿੰਘ ਨੂੰ ਜਗੀਰਦਾਰੀ ਖੱਟ (ਦਾਜ) ਵਿਚ ਮਿਲੀ ਸੀ ਪਰ ਫਿਰ ਵੀ ਉਹ ਆਪਣੀ ਦੇਸ਼ ਭਗਤੀ ਦੇ ਜਜ਼ਬੇ ਨੂੰ ਭੁਲਾ ਨਾ ਸਕਿਆ ਤੇ ਅੰਗਰੇਜ਼ਾਂ ਦੇ ਵਿਰੁੱਧ ਉਠੀ ਹਰ ਮੁਹਿੰਮ ਵਿਚ ਪੂਰੇ ਜ਼ੋਰ ਸੋਰ ਨਾਲ ਭਾਗ ਲੈਂਦਾ ਰਿਹਾ। ਅੱਗੋਂ ਉਸ ਦੀ ਪੀੜ੍ਹੀ ਵਿਚੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਪੜਦਾਦਾ ਖੇਮ ਸਿੰਘ, ਦਾਦਾ ਅਰਜਨ ਸਿੰਘ, ਪਿਤਾ ਸ. ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ, ਦਾਦੀ ਜੈ ਕੌਰ, ਮਾਤਾ ਇੰਦ ਕੌਰ (ਵਿਦਿਆਵਤੀ), ਚਾਚੀ ਹਰਨਾਮ ਕੌਰ ਤੇ ਹੁਕਮ ਕੌਰ ਦਾ ਵੀ ਅੰਗਰੇਜ਼ੀ ਹਕੂਮਤ ਦੀ ਗ਼ਲਤ ਤੇ ਦਮਨਕਾਰੀ ਨੀਤੀ ਵਿਰੁੱਧ ਜੂਝਦਿਆਂ ਦਲੇਰੀ ਭਰਿਆ ਜੀਵਨ ਜੀਵਿਆ। ਭਾਵੇਂ ਕੇ ਏਸ ਵਜਾਹ ਕਰਕੇ ਹੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਇਸ ਅਣਖੀ ਖਾਨਦਾਨ ਨੂੰ ਮਿਲੀ ਸਰਕਾਰੀ ਜਗੀਰ/ ਪੈਨਸ਼ਨ ਨੂੰ ਭਾਰੀ ਖੋਰਾ ਲੱਗਿਆ ਤੇ ਕਈ ਪ੍ਰਕਾਰ ਦੇ ਸਰਕਾਰੀ ਤਸ਼ੱਦਦ ਵੀ ਝੱਲਣੇ ਪਏ। ਪਰ ਇਸ ਮਹਾਨ ਖ਼ਾਨਦਾਨ ਨੇ ਦੇਸ਼ ਭਗਤੀ ਦਾ ਪੱਲਾ ਫਿਰ ਨਾ ਛੱਡਿਆ।
ਅਜਿਹੀ ਅਣਖੀ ਖ਼ਾਨਦਾਨ ਵਿਚ ਪੈਦਾ ਹੋਏ ਭਗਤ ਸਿੰਘ ਨੂੰ ਮਿਲੀ ਦੇਸ਼ ਭਗਤੀ ਦੀ ਗੁੜ੍ਹਤੀ ਨੇ ਉਸ ਦੇ ਦਿਲ ਦਿਮਾਗ਼ ਵਿਚ ਵੀ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਕੁੱਟ ਕੁੱਟ ਕੇ ਭਰ ਦਿੱਤਾ ਕਿ ਉਹ ਦੇਸ਼ ਲਈ ਮਰ ਮਿਟਣ ਵਾਲੇ ਦੇਸ਼ ਭਗਤਾਂ ਦੀ ਮੋਹਰਲੀ ਕਤਾਰ ਵਿਚ ਸਿਰਕੱਢ ਨਾਇਕ ਬਣ ਕੇ ਇਕ ਦਾਗਦਾ ਸੂਰਜ ਬਣ ਚਮਕਿਆ। ਧਾਰਮਿਕ, ਸਮਾਜਿਕ ਤੇ ਮਾਨਵਤਾ ਅਤੇ ਜ਼ੁਲਮ ਵਿਰੁੱਧ ਜੂਝਣ ਦੇ ਸਰੋਕਾਰਾਂ ਦੇ ਰੰਗੇ ਗਏ ਇਸ ਦੇਸ਼ ਭਗਤ ਖ਼ਾਨਦਾਨ ਦਾ ਆਰੀਆ ਸਮਾਜ ਨਾਲ ਹੱਦੋਂ ਵੱਧ ਲਗਾਵ ਤੇ ਫਿਰ ਦੂਰੀ ਬਣਨ ਦੇ ਕਾਰਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਵਿਚ ਵਰਨਣ ਵੀ ਪੜ੍ਹਨ ਨੂੰ ਮਿਲਦਾ ਹੈ।ਬਚਪਨ ਵਿਚ ਦੇਸ਼ ਭਗਤੀ, ਸਮਾਜਿਕ ਕਦਰਾਂ ਕੀਮਤਾਂ ਦੀ ਚਿਣਗ /ਉਤਸੁਕਤਾ ਜਗਾਉਣ ਲਈ ਜੰਗ ਏ ਆਜ਼ਾਦੀ ਦੇ ਇਤਿਹਾਸ ਬਾਰੇ ਸੁਆਲ ਜਵਾਬ ਵਿਧਾ ਵਾਲੀ ਇਹ ਪੁਸਤਕ 'ਜਿਥੋਂ ਸੂਰਜ ਉੱਗਿਆ' ਦੀਆਂ ਰੌਚਕ ਕਹਾਣੀਆਂ ਬਾਤਾਂ ਜਿਥੇ ਬੱਚਿਆਂ ਨਾਲ ਦੇਸ਼ ਪਿਆਰ ਦੀ ਸਾਂਝ ਪਾਉਣ ਵਿਚ ਕਾਫੀ ਸਹਾਈਹੋ ਸਕਦੀਆਂ ਹਨ ਉਥੇ ਪਰਿਵਾਰਕ ਵਡ ਵਡੇਰਿਆਂ ਤੇ ਬੱਚਿਆਂ ਵਿਚ ਆਪਸੀ ਸਾਂਝ ਦਾ ਪੁਲ ਵੀ ਬਣ ਸਕਦੀਆਂ ਹਨ। ਲੇਖਕ ਰਾਮ ਲਾਲ ਪ੍ਰੇਮੀ ਨੇ ਇਸ ਪੁਸਤਕ ਦਾ ਅੰਤ ਬਾਖੂਬੀ ਨਾਲ ਕਾਵਿ ਸਤਰਾਂ ਨਾਲ ਕੀਤਾ ਹੈ:-
'ਕਥਾ ਸਮਾਪਤ ਹੋਤ ਹੈ ਸੁਣ ਲਓ ਬਾਲ ਸੁਜਾਨ
ਸੂਰਜ ਉੱਗਿਆ ਖਟਕੜੋਂ ਧਰਿਆ ਭਗਤ ਸਿੰਘ ਨਾਮ।'
-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਇਤਿਹਾਸ ਨੂੰ ਜ਼ਿੰਦਾ ਰੱਖਣ ਵਾਲੇ
ਅਨਮੋਲ ਹੀਰੇ
ਲੇਖਕ : ਗੁਰਮੁਖ ਸਿੰਘ ਐਮ.ਏ.
ਪ੍ਰਕਾਸ਼ਕ : ਸਾਤਵਿਕ ਬੁੱਕਸ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 98143-44276
ਹਥਲੀ ਪੁਸਤਕ ਦੇ ਲੇਖਕ ਵਲੋਂ ਇਸ ਤੋਂ ਪਹਿਲਾਂ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਇਤਿਹਾਸ ਨਾਲ ਪਿਆਰ ਕਰਨ ਵਾਲੇ ਪਾਠਕਾਂ ਦੇ ਸਨਮੁੱਖ ਭੇਟ ਕੀਤੀਆਂ ਗਈਆਂ ਹਨ। ਇਸ ਪੁਸਤਕ ਦੁਆਰਾ ਨਾਮਵਰ ਢਾਡੀਆਂ ਤੇ ਕਵੀਸ਼ਰਾਂ ਨੂੰ ਪ੍ਰਣਾਮ ਕੀਤਾ ਗਿਆ ਹੈ, ਜਿਨ੍ਹਾਂ ਆਪਣੇ-ਆਪਣੇ ਸਮੇਂ ਕੇਵਲ ਉੱਚ ਰੁਤਬਾ ਹੀ ਪ੍ਰਾਪਤ ਨਹੀਂ ਕੀਤਾ, ਸਗੋਂ ਆਪਣੇ ਸਰੋਤਿਆਂ ਤੋਂ ਮਣਾਂ-ਮੂੰਹੀਂ ਪਿਆਰ ਵੀ ਪ੍ਰਾਪਤ ਕੀਤਾ। ਪੰਜਾਬ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਆਪਣੇ ਜੀਵਨ ਵਿਚ ਹੰਢਾਇਆ, ਮਾਣਿਆ ਅਤੇ ਜੀਵਿਆ ਵੀ ਹੈ। ਸੁਹਿਰਦ ਲੇਖਕ ਖੁਦ ਉੱਚ ਪਾਏ ਦਾ ਕਵੀਸ਼ਰ, ਲੇਖਕ ਅਤੇ ਵਿਦਵਾਨ ਹੈ। ਢਾਡੀ ਕਲਾ ਸਾਜ਼ਾਂ ਨਾਲ ਗਾਇਨ ਕਰਨ ਵਾਲੀ ਕਾਵਿ-ਕਲਾ ਹੈ। ਪਰ ਕਵੀਸ਼ਰੀ ਬਿਨਾਂ ਸਾਜ਼ਾਂ ਤੋਂ ਪਹਿਲਾਂ ਤੋਂ ਪੰਜਾਬ ਦੀ ਵਿਰਾਸਤ ਦਾ ਅਹਿਮ ਅੰਗ ਹੈ। ਸਾਡੇ ਮੇਲੇ, ਤਿਉਹਾਰ ਤੇ ਗੁਰਪੁਰਬ ਢਾਡੀਆਂ ਤੇ ਕਵੀਸ਼ਰਾਂ ਨਾਲ ਹੀ ਸ਼ੋਭਦੇ ਹਨ। ਅਸੀਂ ਗੁਰਬਾਣੀ ਤੇ ਇਤਿਹਾਸ ਨੂੰ ਪੜ੍ਹਨ ਨਾਲੋਂ ਸੁਣਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਇਸ ਪੁਸਤਕ ਵਿਚ ਛੇ ਉਘੇ ਢਾਡੀਆਂ ਤੇ ਕਵੀਸ਼ਰਾਂ ਦੇ ਜੀਵਨ ਅਤੇ ਉਨ੍ਹਾਂ ਵਲੋਂ ਆਪਣੀ ਲੇਖਣੀ ਅਤੇ ਕਲਾ ਦੁਆਰਾ ਸੰਗਤ ਵਲੋਂ ਮਿਲੇ ਭਰਪੂਰ ਪਿਆਰ ਤੇ ਸਨੇਹ ਦਾ ਵਰਨਣ ਲੇਖਕ ਨੇ ਬਾਖੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਹਿਲੇ ਅਧਿਆਏ ਵਿਚ ਆਪਣੇ ਸਮੇਂ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਦੀ ਬਹੁਪੱਖੀ ਸ਼ਖ਼ਸੀਅਤ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਗਿਆਨੀ ਸੋਹਣ ਸਿੰਘ ਸੀਤਲ ਇਕੋ ਸਮੇਂ ਉਘੇ ਸਾਹਿਤਕਾਰ, ਵਿਆਖਿਆਕਾਰ ਅਤੇ ਗਵੱਈਏ ਵੀ ਸਨ। ਉਨ੍ਹਾਂ ਦੇ ਲਿਖੇ ਨਾਵਲ ਅਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਅੱਜ ਤੱਕ ਸਲਾਹਿਆ ਜਾਂਦਾ ਹੈ। ਸੀਤਲ ਜੀ ਢਾਡੀ ਕਲਾ ਦਾ ਸਿਖਰ ਸਨ। ਸਿਖਾਂਦਰੂ ਢਾਡੀਆਂ ਲਈ ਉਨ੍ਹਾਂ ਦੀ ਢਾਡੀ ਕਲਾ ਧਰੂ-ਤਾਰਾ ਵਾਕਰ ਹੈ। ਜਿਸ ਤੋਂ ਰਹਿੰਦੀ ਦੁਨੀਆ ਤੱਕ ਪ੍ਰੇਰਨਾ ਮਿਲਦੀ ਰਹੇਗੀ। ਜਿਥੇ ਉਹ ਮਾਨਵੀ ਗੁਣਾਂ ਦਾ ਮੁਜੱਸਮਾ ਸਨ। ਲੋਭ ਲਾਲਚ ਤੋਂ ਕੋਹਾਂ ਦੂਰ ਰਹਿਣ ਵਾਲੇ ਕਿਰਦਾਰ ਦੇ ਉੱਚ ਦੁਮਾਲੜਾ ਸਨ। ਦੂਜੇ ਅਧਿਆਇ ਵਿਚ ਕਵੀਸ਼ਰੀ ਦੇ 'ਬਾਬਾ ਬੋਹੜ' ਜੋਗਾ ਸਿੰਘ ਜੋਗੀ ਦਾ ਜ਼ਿਕਰ ਕੀਤਾ ਗਿਆ ਹੈ। ਕਵੀਸ਼ਰਾਂ ਦੀ ਦੁਨੀਆ ਵਿਚ ਉੱਚ ਕਦਾਵਰ ਕਵੀ ਸਨ। ਉਨ੍ਹਾਂ ਦੇ ਸ਼ਗਿਰਦਾਂ ਦੀ ਲੰਮੀ ਫਰਿਸ਼ਤ ਹੈ। 19 ਪੁਸਤਕਾਂ ਦੇ ਲੇਖਨ ਕਵੀਸ਼ਰੀ ਜੋਗੀ ਨੂੰ ਲੇਖਕ, ਪ੍ਰਚਾਰਕ ਅਤੇ ਗਾਇਕ ਵਜੋਂ ਜਿਹੜਾ ਮਾਣ ਮਿਲਿਆ, ਉਹ ਕਿਸੇ ਵਿਰਲੇ ਇਨਸਾਨ ਨੂੰ ਜੀਵਨ ਸਫ਼ਰ ਵਿਚ ਮਿਲਦਾ ਹੈ। ਤੀਸਰੇ ਅਧਿਆਏ ਵਿਚ 'ਸਟੇਜਾਂ ਦੇ ਸ਼ਿੰਗਾਰ' ਗਿਆਨੀ ਦਯਾ ਸਿੰਘ ਦਿਲਬਰ ਦੇ ਜੀਵਨ ਢਾਡੀ-ਕਲਾ ਅਤੇ ਸਫਲ ਬੁਲਾਰੇ ਵਜੋਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਮੌਕੇ ਮੁਤਾਬਿਕ ਵਿਅੰਗ ਅਤੇ ਚੋਬਾਂ ਵਾਲੀ ਵੱਖਰੀ ਪ੍ਰਚਾਰ ਵਿਧੀ ਨੇ ਸੰਗਤ ਨੂੰ ਮੋਹ ਲੈਂਦੀ ਸੀ, ਯਾਦ ਸ਼ਕਤੀ ਅਜਿਹੀ ਸੀ, ਜਿਸ ਤੋਂ ਹਰ ਸਰੋਤਾ ਮੰਤਰ-ਮੁਗਧ ਹੋ ਜਾਂਦਾ ਸੀ। ਦੇਸ਼ ਅਤੇ ਵਿਦੇਸ਼ ਵਿਚ ਵਸਦੇ ਪੰਜਾਬੀਆਂ ਦਾ ਚਹੇਤੇ ਢਾਡੀ ਸਨ। ਚੌਥੇ ਅਧਿਆਏ ਵਿਚ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਉੱਚ ਪਾਏ ਦੀ ਕਵੀਸ਼ਰੀ ਦਾ ਜ਼ਿਕਰ ਕੀਤਾ ਗਿਆ ਹੈ। ਪਾਰਸ ਨੂੰ 'ਤਵਿਆਂ ਦੇ ਬਾਦਸ਼ਾਹ' ਵਜੋਂ ਪੰਜਾਬੀ ਸਤਿਕਾਰ ਦਿੰਦੇ ਸਨ। ਪਾਰਸ ਅਜਿਹਾ ਕਵੀਸ਼ਰ ਸੀ, ਜਿਸ ਨੇ ਕਵੀਸ਼ਰੀ ਕਲਾ ਨੂੰ ਰੇਡੀਓ ਤੇ ਟੈਲੀਵਿਜ਼ਨ ਵਰਗੇ ਸੰਚਾਰ ਸਾਧਨਾਂ ਦਾ ਸ਼ਿੰਗਾਰ ਬਣਾਇਆ। ਕਵੀਸ਼ਰੀ ਕਲਾ ਦੁਆਰਾ ਜੀਵਨ ਤੇ ਮੌਤ ਦੀ ਫਿਲਾਸਫੀ ਨੂੰ ਬਿਆਨਣਾ ਉਸ ਦਾ ਮੀਰੀ ਗੁਣ ਸੀ। ਜੀਵਨ ਸ਼ੈਲੀ ਵਿਚ ਕਿਸੇ ਦੀ ਟੈਂਅ ਨਹੀਂ ਮੰਨੀ। ਇਸ ਤੋਂ ਇਲਾਵਾ ਪੁਸਤਕ ਦੇ ਪੰਜਵੇਂ ਅਧਿਆਏ ਵਿਚ 'ਰੀਲਾਂ ਦੇ ਯੁੱਗ ਦੇ ਬਾਦਸ਼ਾਹ' ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਨੂੰ ਯਾਦ ਕੀਤਾ ਗਿਆ, ਜਿਸ ਦੀਆਂ ਆਡੀਓ ਤੇ ਵੀਡੀਓ ਕੈਸੇਟਾਂ ਨੇ ਸੰਸਾਰ ਵਿਚ ਵਸਦੇ ਪੰਜਾਬੀਆਂ ਵਿਚ ਤਹਿਲਕਾ ਮਚਾਇਆ। ਛੇਵੇਂ ਅਧਿਆਏ ਵਿਚ ਕਵੀਸ਼ਰ ਜਰਨੈਲ ਸਿੰਘ ਸਭਰਾ ਨੂੰ 'ਮਾਝੇ ਦੇ ਮਾਣ' ਵਜੋਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ।
ਜਰਨੈਲ ਸਿੰਘ ਸਭਰਾ ਆਪਣੇ ਸਮੇਂ ਦਾ ਬੜਾ ਸਾਊ, ਨੇਕਨੀਅਤ, ਮਿਹਨਤੀ ਅਤੇ ਬੇਬਾਕੀ ਨਾਲ ਸੱਚ ਨੂੰ ਬਿਆਨ ਕਰਨ ਵਾਲਾ ਉੱਚ ਕੋਟੀ ਦਾ ਕਵੀਸ਼ਰ ਸੀ। ਉਹ ਆਪਣੀ ਧੁਨ ਵਿਚ ਰਹਿਣ ਵਾਲਾ ਮਸਤ-ਮੌਲਾ ਸਫਲ ਕਵੀਸ਼ਰ ਹੋ ਗੁਜ਼ਰਿਆ ਹੈ। ਸਮੁੱਚੀ ਪੁਸਤਕ ਵਿਚ ਇਨ੍ਹਾਂ ਢਾਡੀਆਂ ਅਤੇ ਕਵੀਸ਼ਰੀ ਵਰਗੀ ਕੋਮਲ ਕਲਾ ਦੇ ਇਨ੍ਹਾਂ ਹਸਤਾਖਰਾਂ ਨੂੰ ਲੇਖਕ ਨੇ ਕੇਵਲ ਜੀਵਨੀ ਅਤੇ ਸਾਹਿਤਕ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਚਰਚਾ ਹੀ ਨਹੀਂ ਕੀਤੀ, ਸਗੋਂ ਇਨ੍ਹਾਂ ਵਲੋਂ ਪਾਏ ਯੋਗਦਾਨ ਅਤੇ ਨਿੱਜੀ ਜੀਵਨ ਉੱਪਰ ਵੀ ਪੰਛੀ ਝਾਤ ਪਾਉਣ ਦਾ ਸਫਲ ਉਪਰਾਲਾ ਤੇ ਉਦਮ ਕੀਤਾ ਹੈ। ਇਨ੍ਹਾਂ ਵਲੋਂ ਗਾਇਨ ਕਵੀਸ਼ਰੀ, ਕਵਿਤਾ ਦੀਆਂ ਵੰਨਗੀਆਂ ਨੂੰ ਪਾਠਕਾਂ ਲਈ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਸੁਹਿਰਦ ਲੇਖਕ ਦਾ ਇਹ ਯਤਨ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਆਪਣੇ ਮਨ-ਪਸੰਦ ਤੇ ਚਹੇਤੇ ਢਾਡੀਆਂ ਅਤੇ ਕਵੀਸ਼ਰਾਂ ਪ੍ਰਤੀ ਸਨੇਹ ਤੇ ਸਤਿਕਾਰ ਦਾ ਸਫਲ ਦਸਤਾਵੇਜ਼ ਹੋ ਨਿਬੜੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਹੀਰ ਸੁੰਨੜ
ਲੇਖਕ: ਸੁਰਿੰਦਰ ਸਿੰਘ ਸੁੰਨੜ
ਪ੍ਰਕਾਸ਼ਕ: ਪੰਜਾਬ ਪਬਲਿਸ਼ਰਜ਼, ਜਲੰਧਰ
ਮੁੱਲ: 125 ਰੁਪਏ, ਸਫ਼ੇ: 80
ਸੰਪਰਕ: 98725-49506
ਸੁਰਿੰਦਰ ਸਿੰਘ ਸੁੰਨੜ ਪੰਜਾਬੀ ਸਾਹਿਤ ਜਗਤ ਦੇ ਅਜਿਹੇ ਮਾਣਮੱਤੇ ਹਸਤਾਖ਼ਰ ਹਨ, ਜਿਨ੍ਹਾਂ ਨੇ ਜਿੰਨਾ ਵੀ ਲਿਖਿਆ ਹੈ, ਬੜਾ ਮਹੱਤਵਪੂਰਨ ਅਤੇ ਜ਼ਿਕਰਯੋਗ ਲਿਖਿਆ ਹੈ। ਅਜੋਕੇ ਬਹੁਤੇ ਕਲਮਕਾਰਾਂ ਵਾਂਗ ਉਹ ਕੇਵਲ ਲਿਖਣ ਲਈ ਹੀ ਨਹੀਂ ਲਿਖਦੇ ਅਤੇ ਨਾ ਹੀ ਉਹ ਕਿਸੇ ਲਕੀਰ ਦਾ ਫ਼ਕੀਰ ਬਣਨਾ ਪਸੰਦ ਕਰਦੇ ਹਨ। ਸਾਹਿਤਕ ਹਲਕਿਆਂ ਵਿਚ ਬੇਹੱਦ ਚਰਚਿਤ ਆਪਣੀਆਂ ਦਸ ਖ਼ੂਬਸੂਰਤ ਪੁਸਤਕਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਹੱਥਲੀ ਪੁਸਤਕ 'ਹੀਰ ਸੁੰਨੜ' ਵਿਚ ਉਨ੍ਹਾਂ ਵਲੋਂ ਸਿਰਜਿਆ ਗਿਆ ਹੀਰ ਦਾ ਕਿਰਦਾਰ ਇਸ ਤੱਥ ਦੀ ਸ਼ਾਹਦੀ ਭਰਦਾ ਹੈ ਕਿ ਉਹ ਕੁਝ ਨਵਾਂ ਕਰਨ ਨੂੰ ਤਰਜੀਹ ਦਿੰਦੇ ਹਨ:
ਮਰ ਜਾਊਂਗੀ ਲੇਕਿਨ ਨਾ ਉੱਧਲਾਂਗੀ,
ਤੇਰੇ ਬੂਹੇ 'ਤੇ ਆਊਗੀ ਜੰਨ ਮਾਏ।
ਡਾ. ਲਖਵਿੰਦਰ ਸਿੰਘ ਜੌਹਲ ਦਾ ਪੁਸਤਕ ਦੀ ਭੂਮਿਕਾ ਵਿਚ ਇਹ ਲਿਖਣਾ ਬਿਲਕੁੱਲ ਢੁਕਵਾਂ ਹੈ ਕਿ ਹੀਰ-ਰਾਂਝਾ ਸਾਡੀ ਜੀਵਨ-ਜਾਚ ਦਾ ਉਹ ਮਾਨਸਿਕ ਪਹਿਲੂ ਹੈ, ਜੋ ਸਾਡੀਆਂ ਅਕਾਂਖਿਆਵਾਂ ਵਿਚ ਪਨਪਦਾ ਹੋਇਆ ਸਾਕਾਰ ਹੋਣ ਲਈ ਤੜਫ਼ਦਾ ਹੈ। ਬਹੁਤ ਸਾਰੇ ਹੋਰਨਾਂ ਗ੍ਰੰਥਾਂ ਵਾਂਗ ਹੀਰ-ਰਾਂਝੇ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਆਇਆ ਹੈ। ਵਾਰਿਸ ਸ਼ਾਹ, ਦਮੋਦਰ, ਅਹਿਮਦਯਾਰ ਅਤੇ ਭਗਵਾਨ ਸਿੰਘ ਆਦਿ ਕਿੱਸਾਕਾਰਾਂ ਵਲੋਂ ਸਿਰਜੇ ਗਏ ਇਹ ਪਾਤਰ ਜੇਕਰ ਮੌਜੂਦਾ ਪ੍ਰਸਥਿਤੀਆਂ ਵਿਚ ਹੁੰਦੇ, ਤਾਂ ਨਿਰਸੰਦੇਹ ਉਹ ਸੁਰਿੰਦਰ ਸਿੰਘ ਸੁੰਨੜ ਦੀ 'ਹੀਰ ਸੁੰਨੜ' ਵਰਗੇ ਹੀ ਹੁੰਦੇ:
ਫਿਰ ਚੂਚਕ ਤੇ ਕੈਦੋਂ ਦੇ ਨਾਲ ਮਿਲ ਕੇ,
ਰਾਂਝੇ ਬੀਅਰ ਬੱਤਾ ਮਾਸਾ ਲਾਇਆ ਜੀ।
ਸੁਰਿੰਦਰ ਸਿੰਘ ਸੁੰਨੜ ਦੀ ਪੁਸਤਕ ਨੂੰ ਗਹੁ ਨਾਲ ਵਾਚਦਿਆਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੇ ਇਕ ਵੀ ਸ਼ਬਦ ਭਰਤੀ ਦਾ ਨਹੀਂ ਪਾਇਆ। ਰਵਾਇਤੀ ਕਹਾਣੀ ਦੇ ਹਵਾਲੇ ਨਾਲ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਸੰਦਰਭ ਵਿਚ ਸਿਰਜਿਆ ਗਿਆ ਇਹ ਨਿਵੇਕਲਾ ਬਿਰਤਾਂਤ ਉਨ੍ਹਾਂ ਦੀ ਮਿਕਨਾਤੀਸੀ ਕਾਵਿਕਤਾ ਦਾ ਹਾਸਲ ਹੈ। ਲੰਬੇ ਅਰਸੇ ਬਾਅਦ ਅਜਿਹੀ ਪਿਆਰੀ ਅਤੇ ਮਿਆਰੀ ਪੁਸਤਕ ਨਸੀਬ ਹੁੰਦੀ ਹੈ। ਉਮੀਦ ਹੈ ਕਿ ਜਿੱਥੇ ਇਹ ਪੁਸਤਕ ਚੰਗਾ ਪੜ੍ਹਨ ਵਾਲੇ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੇਗੀ, ਉੱਥੇ ਕਵਿਤਾ ਦੇ ਖੇਤਰ ਵਿਚ ਕਾਰਜਸ਼ੀਲ ਸਿਖਿਆਰਥੀਆਂ ਅਤੇ ਖੋਜਾਰਥੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ।
ਤੇਰੀਆਂ ਮੁਹੱਬਤਾਂ
ਲੇਖਕ : ਐਮ. ਐਸ. ਦਾਊਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ: 295 ਰੁਪਏ, ਸਫ਼ੇ: 80
ਸੰਪਰਕ : 98151-23900
ਭਾਈ ਗੁਰਦਾਸ ਜੀ ਦੀ ਸਤਾਈਵੀਂ ਵਾਰ ਨੂੰ ਸਮਰਪਿਤ ਐਮ. ਐਸ. ਦਾਊਂ ਦੀ ਇਹ ਖ਼ੂਬਸੂਰਤ ਪੁਸਤਕ 'ਤੇਰੀਆਂ ਮੁਹੱਬਤਾਂ' ਆਪਣੇ ਸਿਰਲੇਖ ਮੁਤਾਬਿਕ ਮੁਹੱਬਤ ਦੇ ਰੰਗ ਵਿਚ ਰੰਗੀਆਂ ਕਵਿਤਾਵਾਂ ਨਾਲ ਸੁਸ਼ੋਭਿਤ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿਚ ਪਿਆਰ ਦੇ ਅਰਥ ਬੇਸ਼ੱਕ ਕੁਝ ਵੀ ਲਏ ਜਾਂਦੇ ਹੋਣ ਪਰ ਤਸੱਲੀ ਵਾਲੀ ਗੱਲ ਹੈ ਕਿ ਅਜਿਹੇ ਲੋਕ ਅਜੇ ਵੀ ਮੌਜੂਦ ਹਨ, ਜਿਹੜੇ ਪੌਂਡਾਂ ਅਤੇ ਡਾਲਰਾਂ ਨੂੰ ਠੋਕ੍ਹਰ ਮਾਰ ਕੇ ਇਸ ਪਿਆਰ ਦੀ ਅਨਮੋਲ ਰੁੱਤ ਨੂੰ ਮਾਣਨ ਵਿਚ ਵਿਸ਼ਵਾਸ ਕਰਦੇ ਹਨ:
ਮੇਰੇ ਮੀਤ ਮਹਿਰਮਾ ਵੇ, ਕਿਉਂ ਤੁਰ ਚੱਲਿਆ ਪ੍ਰਦੇਸ।
ਇਹ ਰੁੱਤ ਮਾਨਣ ਦੀ ਵੇ, ਮੇਰੀ ਜੋਬਨ ਮੱਤੀ ਵਰੇਸ।
ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਦਾ ਸਿਧਾਂਤ ਸਾਨੂੰ ਵਿਰਾਸਤ ਵਿਚ ਮਿਲਿਆ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਗਰੀਬ ਦੇ ਮੂੰਹ ਦਾ ਸਥਾਨ ਗੋਲਕਾਂ ਨੇ ਹਥਿਆ ਲਿਆ ਹੈ। ਇਨ੍ਹਾਂ ਗੋਲਕਾਂ ਵਿਚ ਇਕੱਤਰ ਹੋਈ ਮਾਇਆ ਦੀ ਸਦਵਰਤੋਂ ਜਾਂ ਦੁਰਵਰਤੋਂ ਬਾਰੇ ਕੁਝ ਕਹਿਣਾ ਵੀ ਹੁਣ ਅਪਰਾਧ ਮੰਨਿਆ ਜਾਂਦਾ ਹੈ। ਬੇਸ਼ੱਕ ਲੋਕ-ਮਨਾਂ ਵਿਚ ਹਮੇਸ਼ਾ ਨੇਕ ਕਮਾਈ ਹੀ ਸਤਿਕਾਰੀ ਜਾਣੀ ਹੈ ਪਰ ਅਜਿਹੀ ਮਾਨਸਿਕਤਾ ਕਾਰਨ ਕਿਸੇ ਵੇਲੇ ਅੰਨਦਾਤੇ ਸਮਝੇ ਜਾਂਦੇ ਲੋਕ ਵੀ ਅੱਜ ਰੋਟੀ ਦੀ ਲੜਾਈ ਲੜ ਰਹੇ ਹਨ:
ਰੋਟੀ ਨਾਲੋਂ ਪੁੰਨ ਨਾ ਵੱਡਾ, ਵੇਦ-ਕਤੇਬ ਨੇ ਕਹਿੰਦੇ।
ਨੇਕ ਕਮਾਈ ਸਦਾ ਜਿਉਂਦੀ, ਸੂਰਜ ਚੜ੍ਹਦੇ-ਲਹਿੰਦੇ।
ਐਮ. ਐਸ. ਦਾਊਂ ਪੁਸਤਕ ਸੰਬੰਧੀ ਲਿਖੇ ਆਪਣੇ ਸ਼ਬਦਾਂ ਵਿਚ ਪੰਜਾਬੀ ਕਿੱਸਾ-ਕਾਵਿ ਨੂੰ ਸਰਵੋਤਮ ਵਿਰਸਾ ਮੰਨਦੇ ਹਨ। ਨਿਰਸੰਦੇਹ ਹੀਰ-ਰਾਂਝਾ, ਸੱਸੀ-ਪੁੰਨੂ, ਲੈਲਾ-ਮਜਨੂੰ ਆਦਿ ਪ੍ਰੀਤ ਕਹਾਣੀਆਂ ਕਿੱਸਾ ਕਾਵਿ ਦਾ ਅਮੀਰ ਖਜ਼ਾਨਾ ਹਨ। ਸਾਹਿਤ ਦੀ ਵਿਧਾ ਬੇਸ਼ੱਕ ਕੋਈ ਵੀ ਹੋਵੇ, ਪ੍ਰੇਮ ਦੇ ਪ੍ਰਸੰਗ ਹਮੇਸ਼ਾ ਹੀ ਉਸ ਦਾ ਅਟੁੱਟ ਹਿੱਸਾ ਰਹੇ ਹਨ। ਪ੍ਰੇਮ ਦਾ ਪ੍ਰਗਟਾਵਾ ਮਾਨਵੀ ਸੰਵੇਦਨਾ ਦਾ ਸਿਖਰ ਹੁੰਦਾ ਹੈ ਅਤੇ ਇਹ ਦੁਨੀਆ ਨੂੰ ਹੋਰ ਖ਼ੂਬਸੂਰਤ ਬਣਾਉਣ ਵਿਚ ਸਹਾਈ ਹੁੰਦਾ ਹੈ। ਰਿਸ਼ਤੇ-ਨਾਤਿਆਂ ਵਿਚੋਂ ਪ੍ਰੇਮ ਦਾ ਮਨਫ਼ੀ ਹੋਣਾ ਹੀ ਸਾਡੇ ਸਮਾਜਿਕ ਤਾਣੇ-ਬਾਣੇ ਲਈ ਖ਼ਤਰਾ ਬਣਿਆ ਹੋਇਆ ਹੈ। ਬਾਰੂਦ ਦੇ ਢੇਰ 'ਤੇ ਬੈਠੀ ਮਨੁੱਖਤਾ ਲਈ ਪਿਆਰ ਦਾ ਅਜਿਹਾ ਸੁਨੇਹਾ ਬੇਹੱਦ ਸ਼ਲਾਘਾਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਇੰਜ ਮਿਲਿਆ ਰੱਬ ਮੈਨੂੰ
ਲੇਖਕ : ਅਮਰਜੀਤ ਕਸਕ
ਪ੍ਰਕਾਸ਼ਕ : ਪ੍ਰਿਥਮ ਪ੍ਰਕਾਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 95498-95275
'ਇੰਜ ਮਿਲਿਆ ਰੱਬ ਮੈਨੂੰ' (ਕਾਵਿ-ਸੰਗ੍ਰਹਿ) ਅਮਰਜੀਤ ਕਸਕ ਹੁਰਾਂ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਆਪਣੀ-ਆਪਣੀ ਲੋਅ' (2001), 'ਗਹਿਰ' (2006) ਅਤੇ 'ਮਾਣ 'ਤੇ ਲੱਗਿਆ ਸਵੈ' (2017) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਰੂਹਾਂ ਨੂੰ ਸਮਰਪਿਤ ਹੈ ਜਿਹੜੇ ਇਸ ਗ੍ਰਹਿ 'ਤੇ ਆਏ ਹਨ ਅਤੇ ਜਨਮ ਨੂੰ ਸਫਲਾ ਕਰਨ ਲਈ ਯਤਨਸ਼ੀਲ ਹਨ। ਇਸ ਕਾਵਿ-ਸੰਗ੍ਰਹਿ ਦੇ ਦੋ ਸ਼ਬਦ 'ਕਿੰਜ' ਅਤੇ 'ਇੰਜ' ਕੇਂਦਰੀ ਨੁਕਤੇ ਵਜੋਂ ਲਏ ਗਏ ਹਨ। ਕਵੀ ਦਾ ਦਾਅਵਾ ਹੈ ਕਿ ਉਹ ਮਨੁੱਖੀ ਜੀਵਨ ਨੂੰ 'ਸਮੁੱਚ' ਵਿਚ ਜਾਣਨ ਦੇ ਆਹਰ ਵਿਚ ਹੈ। ਇਸ ਦਾਅਵੇ ਦੀ ਪੁਸ਼ਟੀ ਹਿਤ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ 'ਕਿੰਜ ਖੰਡ-ਪਹਿਲਾ' (ਪਾਣੀ ਤਾਂ ਏਸੇ ਘਾਟੋਂ ਪੀਣੈ' ਤੋਂ ਲੈ ਕੇ ਸੋਚ ਹੀ ਸੱਪਣੀ ਤੱਕ 16 ਕਵਿਤਾਵਾਂ), 'ਕਿੰਜ ਖੰਡ-ਦੂਜਾ' (ਕਸ਼ਿਸ਼ ਤੱਤ ਤੋਂ ਲੈ ਕੇ ਪਹੁੰਚ ਪਛਾਣ ਤੱਕ 17 ਕਵਿਤਾਵਾਂ), ਕਿੰਜ ਖੰਡ-ਤੀਜਾ (ਆਪਣੀ ਪੈੜ ਦੱਬਦਿਆਂ ਤੋਂ ਲੈ ਕੇ ਜੇ ਕਿਸੇ ਸਿਰੇ ਲੱਗਣੈ ਤੱਕ 11 ਕਵਿਤਾਵਾਂ), ਕਿੰਜ ਖੰਡ-ਚੌਥਾ (ਕਿਸ ਦੁਆਰ ਪ੍ਰਵੇਸ਼ ਤੋਂ ਲੈ ਕੇ ਮੈਂ ਰੱਬ ਨੂੰ ਹਾਕ ਮਾਰੀ ਤੱਕ 8 ਕਵਿਤਾਵਾਂ) ਅਤੇ 'ਕਿੰਜ ਖੰਡ-ਪੰਜਵਾਂ (ਆਧਾਰ ਦੀ ਤਲਾਸ਼ ਵਿਚ ਤੋਂ ਲੈ ਕੇ ਅੰਜਲੀ ਨਾ ਬਣੀ ਕਾਇਆ ਤੱਕ 20 ਕਵਿਤਾਵਾਂ) ਦੇ ਪੰਜਾਂ ਖੰਡਾਂ 'ਚ ਕੁੱਲ 72 ਕਵਿਤਾਵਾਂ ਨੂੰ ਸੰਜੋਇਆ ਹੈ। 'ਪਿੰਜਰੇ ਨੂੰ ਮੁਕਤ ਕਰਦੇ ਹੁਣ' ਕਵਿਤਾ ਕਿੰਜ ਖੰਡ-ਤੀਜਾ ਦੇ ਤਤਕਰੇ ਵਿਚ ਦਰਜ ਨਹੀਂ ਹੈ। ਇਸ ਕਵਿਤਾ ਵਿਚ ਕਵੀ ਨੇ ਮਨੁੱਖੀ ਜੀਵਨ ਦੀ ਸਥੂਲ ਉਮਰ ਅਤੇ ਅਸਥੂਲ ਉਮਰ ਦੀ ਤਸ਼ਬੀਹ ਦਿੰਦਿਆਂ ਸਰੀਰ ਦੇ 'ਸਥੂਲੀ ਪਿੰਜਰੇ' ਤੋਂ ਮੁਕਤੀ (ਨਿਰਵਾਣ) ਦੇ ਲਈ ਅਰਜੋਈ ਕੀਤੀ ਹੈ। ਹੇਠਲੀਆਂ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ:
ਤੇਰੀ ਉਡਾਣ ਨਾਲ
ਮੇਰੀ ਪਿਆਸ ਬੰਨ੍ਹੀ ਹੋਈ
ਮੇਰੀ ਪਿਆਸ
ਮੇਰੀ ਤਲਾਸ਼ ਦਾ ਸਿਰਨਾਵਾਂ
ਤਲਾਸ਼ ਜਨਮਾਂ-ਜਨਮਾਂ ਤੱਕ ਫੈਲੀ (ਪੰਨਾ 57)
'ਕਿੰਜ ਪੰਜ-ਖੰਡਾਂ' ਦਾ ਪੰਜਾਂ ਖੰਡਾਂ, ਬ੍ਰਹਿਮੰਡਾਂ ਅਤੇ ਪੰਜ ਗਿਆਨ ਇੰਦਰੀਆਂ (ਅੱਖਾਂ, ਕੰਨ, ਜੀਭ ਅਤੇ ਚਮੜੀ (ਸਪਰਸ਼) ਦਾ ਸਮਾਵੇਸ਼ ਕਰਦਿਆਂ ਦਿਸਦੀ ਕਾਇਆ ਦੇ ਅੰਦਰ ਇਕ ਹੋਰ ਅਦ੍ਰਿਸ਼ਟ ਕਾਇਆ ਤੱਕ ਪਹੁੰਚ ਕਰਨ ਦੀ ਤਾਕੀਦ 'ਹੁਣ ਨੂੰ ਫੜ', 'ਮੁਸਕਰਾਇਆ ਹੈ ਰੱਬ', 'ਕਾਲੇ ਸਮੇਂ ਦੀ ਰੱਸੀ ਤੇ ਰੌਸ਼ਨੀ ਦੇ ਸ਼ਬਦ', 'ਖ਼ੁਦ ਨੂੰ ਮਿਣਨ ਪਰਛਾਵੇਂ', 'ਕੋਇਲ ਬੋਲੀ ਜਾਂ ਦੀਪੀ', 'ਆਧਾਰ ਦੀ ਤਲਾਸ਼ ਵਿਚ', 'ਜਿਥੇ ਰੱਬ ਮਿਲਦੈ' ਅਤੇ ਹੋਰ ਅਨੇਕਾਂ ਕਵਿਤਾਵਾਂ ਮਨੁੱਖ ਦੀ ਬਾਹਰੀ ਯਾਤਰਾ ਤੋਂ ਅੰਦਰੂਨੀ ਯਾਤਰਾ ਪ੍ਰਤੀ ਕਸ਼ਿਸ਼ ਪੈਦਾ ਕਰਦੀ ਹੈ। 'ਸਵੈ' ਦਾ 'ਸਵੈ' ਦਾ ਮਿਲਣ ਹੀ ਸ਼ਾਇਦ 'ਇੰਜ ਮਿਲਿਆ ਰੱਬ ਮੈਨੂੰ' ਦਾ ਸੁਖ਼ਦ ਸਫ਼ਰ ਹੈ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096
ਪਿੰਡ ਤੋਂ ਬ੍ਰਹਿਮੰਡ
ਗ਼ਜ਼ਲਕਾਰ : ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 215
ਸੰਪਰਕ : 95011-45039
ਸੱਠਵਿਆਂ ਤੋਂ ਸੱਤਰਵਿਆਂ ਵਿਚਕਾਰ ਗ਼ਜ਼ਲ ਪੰਜਾਬੀ ਵਿਚ ਸਥਾਪਤੀ ਲਈ ਅਹੁਲ ਰਹੀ ਸੀ, ਸੱਤਵੇਂ ਤੋਂ ਅੱਠਵੇਂ ਦਹਾਕੇ ਵਿਚ ਇਸ ਦਾ ਮੂੰਹ-ਮੱਥਾ ਦਿੱਸਣ ਲੱਗਾ ਤੇ ਇਸ ਤੋਂ ਬਾਅਦ ਨਵੀਆਂ ਕਲਮਾਂ ਦੀ ਸ਼ਮੂਲੀਅਤ ਨਾਲ ਇਸ ਦਾ ਰੰਗ ਰੂਪ ਨਿੱਖਰਨਾ ਸ਼ੁਰੂ ਹੋ ਗਿਆ। ਇਸ ਉਪਰੰਤ ਇਸ ਦੀ ਸ਼ੈਲੀ ਵਿਚ ਪਰਿਵਰਤਨ ਹੋਏ ਤੇ ਅੱਜ ਗ਼ਜ਼ਲ ਪੰਜਾਬੀ ਕਾਵਿ ਦੀ ਸਭ ਤੋਂ ਵੱਧ ਲਿਖੀ ਤੇ ਪੜ੍ਹੀ ਜਾਣ ਸਿਨਫ਼ ਹੋ ਨਿੱਬੜੀ ਹੈ। ਗ਼ਜ਼ਲਕਾਰਾਂ ਦੇ ਅਜੋਕੇ ਕਾਫ਼ਿਲੇ ਵਿਚ ਨਵੇਂ ਕਲਮਕਾਰ ਨਵੀਆਂ ਸੰਭਾਵਨਾਵਾਂ ਲੈ ਕੇ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਵਿਚੋਂ ਇਕ ਮਕਬੂਲ ਨਾਮ ਗੁਰਮੀਤ ਸਿੰਘ ਸਿੱਧੂ ਦਾ ਵੀ ਹੈ। ਉਸ ਦਾ ਕਾਵਿ ਸਫ਼ਰ ਭਾਵੇਂ ਪੁਰਾਣਾ ਹੈ ਪਰ ਉਸ ਦੀਆਂ ਗ਼ਜ਼ਲਾਂ 'ਤੇ ਨਜ਼ਰ ਮਾਰਦਿਆਂ ਲੱਗਦਾ ਹੀ ਨਹੀਂ ਕਿ ਉਸ ਦਾ ਗ਼ਜ਼ਲ ਨਾਲ ਨਿੱਠ ਕੇ ਜੁੜਾਓ ਦਹਾਕੇ ਕੁ ਦਾ ਹੀ ਹੈ। ਦਰਅਸਲ ਕੈਨੇਡਾ ਵਿਚ ਸਰੀ ਪੰਜਾਬੀ ਗ਼ਜ਼ਲ ਦਾ ਕੇਂਦਰ ਹੈ, ਜਿਥੇ ਇਸ ਸਿਨਫ਼ 'ਤੇ ਸਮਰਪਿਤ ਭਾਵਨਾ ਨਾਲ ਕਾਰਜ ਹੋ ਰਿਹਾ ਹੈ। ਸਿੱਧੂ ਨੂੰ ਵੀ ਇਸ ਦਾ ਲਾਭ ਹੋਇਆ, ਉਂਜ ਨਿਰੰਤਰਤਾ ਤੇ ਅਭਿਆਸ ਕਿਸੇ ਵੀ ਗੁਰਬਾਣੀ ਤੇ ਇਸ ਦੇ ਸਿਧਾਂਤ ਦੀ ਪਾਲਣਾ ਕਰਦਾ ਨਜ਼ਰ ਆਉਂਦਾ ਹੈ। ਉਸ ਦੀ ਗ਼ਜ਼ਲ ਕੋਰੀ ਕਲਪਨਾ ਨਹੀਂ ਹੈ, ਉਹ ਤਨ ਅਤੇ ਮਨ 'ਤੇ ਹੰਢਾਏ ਪਲਾਂ ਨੂੰ ਸ਼ਿਅਰਾਂ ਵਿਚ ਕਸ਼ੀਦ ਕਰਦਾ ਪ੍ਰਤੀਤ ਹੁੰਦਾ ਹੈ। ਗ਼ਜ਼ਲਕਾਰ ਲੋਕ ਦਰਦ ਨੂੰ ਜ਼ੁਬਾਨ ਦਿੰਦਾ ਹੈ ਤੇ ਪਾਠਕ ਲਈ ਚੰਗੇ ਮਾੜੇ ਦਾ ਵਿਸ਼ਲੇਸ਼ਣ ਕਰਦਾ ਹੈ। ਤਕਰੀਬਨ ਤਿੰਨ ਦਹਾਕੇ ਤੋਂ ਉਹ ਪੰਜਾਬ ਦੀ ਮਿੱਟੀ ਤੋਂ ਦੂਰ ਹੈ, ਇਹ ਦਰਦ ਉਸ ਦੀਆਂ ਗ਼ਜ਼ਲਾਂ ਵਿਚ ਪ੍ਰਬਲ ਵੀ ਹੈ। ਪ੍ਰਵਾਸ ਦੇ ਦਰਦ 'ਤੇ ਉਸ ਨੇ ਕਈ ਸ਼ਾਨਦਾਰ ਸ਼ਿਅਰ ਕਹੇ ਹਨ। ਮੁਹੱਬਤ ਮਾਨਵੀ ਜੀਵਨ ਦਾ ਆਧਾਰ ਤੇ ਧੁਰਾ ਹੈ, ਇਸ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤੇ ਇਸ ਤੋਂ ਇਸ ਪੁਸਤਕ ਦਾ ਗ਼ਜ਼ਲਕਾਰ ਵੀ ਵਾਕਿਫ਼ ਹੈ। ਉਸ ਨੇ ਇਸ ਵਿਸ਼ੇ 'ਤੇ ਕਈ ਸ਼ਾਨਦਾਰ ਗ਼ਜ਼ਲਾਂ ਲਿਖੀਆਂ ਹਨ। ਪੰਜਾਬ ਦੇ ਪਿੰਡਾਂ ਦੀਆਂ ਰਹੁ-ਰੀਤਾਂ ਤੇ ਸਕਾਫ਼ਤ ਉਸ ਦੇ ਖੂਨ ਵਿਚ ਰਚੀ-ਮਿਚੀ ਹੋਈ ਹੈ। ਪ੍ਰਵਾਸ ਨੇ ਇਸ ਦੀ ਤੀਬਰਤਾ ਨੂੰ ਹੋਰ ਤਿੱਖਾ ਕੀਤਾ ਹੈ, ਜੋ ਸਿੱਧੂ ਦੀਆਂ ਗ਼ਜ਼ਲਾਂ ਦਾ ਆਧਾਰ ਬਣਦੇ ਹਨ। ਸ਼ਾਇਰ ਆਪਣੀਆਂ ਕਾਵਿ-ਕ੍ਰਿਤਾਂ ਦੇ ਨਵੇਂ-ਨਵੇਂ ਬ੍ਰਹਿਮੰਡ ਸਿਰਜਦਾ ਹੈ ਤੇ ਉਸ ਨੂੰ ਸਿਰਫ਼ ਸ਼ਬਦਾਂ ਦੀ ਪ੍ਰਵਾਜ਼ ਚਾਹੀਦੀ ਹੈ। ਅਜਿਹੇ ਸ਼ਬਦ ਸਿੱਧੂ ਕੋਲ ਵੀ ਹਨ। ਸ਼ਾਇਦ ਤਾਂ ਹੀ ਪ੍ਰਵਾਜ਼ ਦੇ ਤੇਜ਼ ਵੇਗ ਕਾਰਨ ਉਸ ਨੇ ਕਿਤੇ ਕਿਤੇ ਗ਼ਜ਼ਲ ਦਾ ਅਨੁਸ਼ਾਸਨ ਵੀ ਅਣਗੌਲਿਆਂ ਕੀਤਾ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਮੇਰਾ ਪਿੰਡ ਲਧਾਣਾ ਝਿੱਕਾ
ਲੇਖਕ : ਗੁਰਦੀਪ ਸਿੰਘ 'ਮੁਕੱਦਮ'
ਪ੍ਰਕਾਸ਼ਕ : ਬੀ.ਆਰ. ਪਬਲੀਕੇਸ਼ਨ ਸੂੰਨੀ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 9878160133
ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੁੰਦੀ ਹੈ ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਿਾਸ ਪੁਸਤਕਾਂ, ਮਾਲ-ਦਸਤਾਵੇਜ਼ਾਂ ਅਤੇ ਗਜ਼ਟੀਅਰਾਂ ਵਿਚ ਕਿਸੇ-ਕਿਸੇ ਪਿੰਡ-ਨਗਰ ਜਾਂ ਸਥਾਨਕ ਇਤਿਹਾਸ ਦੇ ਇਸ਼ਾਰੇ ਮਿਲਦੇ ਹਨ, ਉਹ ਵੀ ਬੱਝਵੇਂ ਰੂਪ ਵਿਚ ਨਹੀਂ। ਅਕਸਰ ਹੀ ਪੀੜ੍ਹੀ-ਦਰ-ਪੀੜ੍ਹੀ, ਬਜ਼ੁਰਗਾਂ ਅਤੇ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆਂ ਹੈ। ਵੇਲਾ ਹੈ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ। ਨਹੀਂ ਤਾਂ, ਲੋਕ-ਚੇਤਿਆਂ 'ਚ ਪਿਆ ਪਿੰਡਾਂ ਦਾ, ਇਤਿਹਾਸ ਲੁਪਤ ਹੋ ਜਾਵੇਗਾ। ਬੇਹੱਦ ਮੁਸ਼ੱਕਤ ਅਤੇ ਤਰਦੱਦ ਕੀਤਾ ਗਿਆ ਹੈ, ਇਸ ਪੁਸਤਕ ਹਿੱਤ। ਜਿਸ ਵਿਚ ਪਿੰਡ ਕਦ ਵਸਿਆ, ਕਿਸ ਵਸਾਇਆ, ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੌੜ੍ਹੀ ਗੱਡਣ ਪਹਿਲਾਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਵਹਿਤਲ, ਜੀਵਨ-ਵਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸਖ਼ਸ਼ੀਅਤਾ, ਬੰਸ਼ਾਵਲੀਆ ਅਤੇ ਖੇਤ-ਖਲਿਆਣ, ਖੂਹ-ਟੋਬਿਆਂ ਤੇ ਸਥਾਨਾਂ-ਅਸਥਾਨਾਂ ਦੀਆਂ ਵਿਸ਼ੇਸ ਗੱਲਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਪੁਸਤਕ ਸੰਬੰਧਿਤ ਪਿੰਡ ਦੇ ਵਸਨੀਕਾਂ ਨੂੰ ਆਪਣੇ ਵਾਰਸਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਂਭ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਉਨ੍ਹਾਂ ਦੇ ਪੁਰਖਿਆਂ ਦੀਆਂ, ਖਾਸ ਕਰਕੇ 1947 ਤੋਂ ਪਹਿਲਾਂ ਦੀਆਂ, ਘਾਲਨਾਵਾਂ ਸਮੇਤ ਪਰਿਵਾਰਕ-ਵੰਸ਼ਾਵਲੀਆਂ ਦਰਜ਼ ਹਨ ਜਿਹੜੀਆਂ ਸਿਰਫ ਹਰਿਦੁਆਰ ਜਾਂ ਲੁਪਤ ਹੋ ਗਈ ਮਿਰਾਸ-ਪ੍ਰੋਹਿਤਗਿਰੀ ਕੋਲ ਹੀ ਪ੍ਰਾਪਤ ਸਨ/ਹਨ। ਪਿਛੋਕੜ ਦੀ ਬਾਤ ਪਾਉਂਦੀਆਂ ਇਹ ਗਾਥਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਰਕੇ ਵੀ ਪੜ੍ਹਨੀਆਂ-ਸੁਣਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਉਨ੍ਹਾਂ ਦੀ ਜੜ੍ਹ ਦੀ ਗੱਲ ਕਰਦੀਆਂ ਹਨ। ਹਾਂ, ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜਆਰਥੀਆਂ ਨੂੰ ਇਹ ਪੁਸਤਕ ਵੀ ਵਾਚ ਲੈਣੀ ਚਾਹੀਦੀ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075
ਖੱਟੀਆਂ-ਮਿੱਠੀਆਂ ਗੋਲੀਆਂ
ਲੇਖਕ : ਕੁਲਬੀਰ ਸਿੰਘ ਸੂਰੀ (ਡਾ.)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98889-24664
ਅਜੋਕੀ ਪੰਜਾਬੀ ਬਾਲ ਨਾਵਲਨਿਗਾਰੀ ਦੇ ਖਿੱਤੇ ਵਿਚ ਪ੍ਰਤੀਬੱਧ ਅਤੇ ਸਰਗਰਮ ਲਿਖਾਰੀ ਡਾ. ਕੁਲਬੀਰ ਸਿੰਘ ਸੂਰੀ ਨੇ ਥੋੜ੍ਹੇ ਅਰਸੇ ਵਿਚ ਹੀ ਕਈ ਯਾਦਗਾਰੀ ਬਾਲ ਨਾਵਲਾਂ ਦੀ ਤਖ਼ਲੀਕ ਕੀਤੀ ਹੈ। ਉਸ ਨੇ ਬਾਲ ਨਾਵਲ ਪਰੰਪਰਾ ਨੂੰ ਚਮਤਕਾਰੀ, ਅੰਧਵਿਸ਼ਵਾਸੀ ਅਤੇ ਨਿਰੋਲ ਕਾਲਪਨਿਕ ਮਾਹੌਲ ਵਿਚੋਂ ਬਾਹਰ ਕੱਢ ਕੇ ਵਾਸਤਵਿਕ ਜੀਵਨ ਦੀ ਪ੍ਰਸਤੁਤੀ ਕਰਨ ਵਾਲੇ ਨਾਵਲਾਂ ਦੀ ਸਿਰਜਣਾ ਕੀਤੀ ਹੈ। ਨਾਵਲਕਾਰ ਨੇ ਯਥਾਰਥਵਾਦੀ ਝਲਕਾਂ ਨਾਲ ਸੰਬੰਧਿਤ ਇਕ ਹੋਰ ਬਾਲ ਨਾਵਲ 'ਖੱਟੀਆਂ ਮਿੱਠੀਆਂ ਗੋਲੀਆਂ' ਬਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ ਜੋ ਸਮਾਜ ਦੇ ਦੱਬੇ ਕੁਚਲੇ, ਗ਼ੁਰਬਤ ਹੰਢਾਉਂਦੇ ਅਜਿਹੇ ਪਾਤਰ ਦੇ ਇਰਦ-ਗਿਰਦ ਘੁੰਮਦਾ ਹੈ, ਜੋ ਸਿਧਾਰਥ ਵਰਗੇ ਸਮਾਜ ਸੇਵੀ ਅਧਿਆਪਕ ਅਤੇ ਪਰਉਪਕਾਰੀ ਸੋਚਣੀ ਦੇ ਮਾਲਕ ਪਾਤਰਾਂ ਦੀ ਪ੍ਰੇਰਨਾ ਸਦਕਾ ਸੰਘਰਸ਼, ਈਮਾਨਦਾਰੀ, ਦ੍ਰਿੜ੍ਹ ਨਿਸਚੇ ਵਰਗੀਆਂ ਨਿੱਗਰ ਨੈਤਿਕ ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨੂੰ ਅਪਣਾਉਂਦੇ ਹੋਏ ਬੁਲੰਦੀ ਹਾਸਿਲ ਕਰਦੇ ਹਨ।
ਇਸ ਬਾਲ ਨਾਵਲ ਦਾ ਮੁੱਖ ਨਾਇਕ ਹਰੀਸ਼ ਹੈ, ਜੋ ਸੰਘਰਸ਼ ਦਾ ਪੱਲਾ ਨਹੀਂ ਛੱਡਦਾ। ਛੋਟੀ ਉਮਰ ਵਿਚ ਪਿਤਾ ਦਾ ਸਾਇਆ ਸਿਰੋਂ ਉੱਠਣ ਨਾਲ ਜਦੋਂ ਇਸ ਮੁੱਖ ਪਾਤਰ ਦੇ ਘਰ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ ਤਾਂ ਉਹ ਗਲੀ-ਮੁਹੱਲੇ ਵਿਚ ਜਾ ਕੇ ਸੰਤਰੇ ਦੀਆਂ ਖੱਟੀਆਂ-ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟਾਫੀਆਂ ਵੇਚ ਕੇ ਮਾਂ ਨਾਲ ਹੱਥ ਵਟਾਉਣ ਲੱਗਦਾ ਹੈ। ਵਿਰੋਧੀ ਪ੍ਰਸਥਿਤੀਆਂ ਨਾਲ ਜੂਝਦਾ ਹਰੀਸ਼ ਭੁੱਖਣ ਭਾਣਾ ਰਹਿਣ ਕਾਰਨ ਅਤਿ ਦੀ ਗਰਮੀ ਵਿਚ ਬੇਹੋਸ਼ ਵੀ ਹੁੰਦਾ ਹੈ, ਪਰੰਤੂ ਆਪਣੇ ਦ੍ਰਿੜ੍ਹ ਨਿਸਚੇ ਕਾਰਨ ਹਾਰ ਨਹੀਂ ਮੰਨਦਾ। ਉਸ ਦੀ ਦ੍ਰਿੜ੍ਹ ਭਾਵਨਾ ਅਤੇ ਲਗਨ ਵੇਖ ਕੇ ਅਧਿਆਪਕ ਸਿਧਾਰਥ ਦੇ ਹੱਥ ਉਸ ਦੀ ਮਦਦ ਲਈ ਅੱਗੇ ਵਧਦੇ ਹਨ। ਸਿਧਾਰਥ ਦਾ ਸਾਥ ਪਾ ਕੇ ਹਰੀਸ਼ ਕਿਸੇ ਦੇ ਤਰਸ ਦਾ ਮੁਹਤਾਜ਼ ਨਹੀਂ ਬਣਦਾ ਸਗੋਂ ਉਨ੍ਹਾਂ ਦੀ ਹੱਲਾਸ਼ੇਰੀ ਨਾਲ ਮੰਜ਼ਿਲ ਪ੍ਰਾਪਤੀ ਲਈ ਅੱਗੇ ਹੀ ਅੱਗੇ ਵਧਦਾ ਜਾਂਦਾ ਹੈ ਅਤੇ ਮੈਡੀਕਲ ਕਾਲਜ ਵਿਚ ਦਾਖ਼ਲਾ ਲੈਣ ਵਿਚ ਕਾਮਯਾਬ ਹੁੰਦਾ ਹੈ। ਅੰਤ ਇਕ ਦਿਨ ਅਜਿਹਾ ਆਉਂਦਾ ਹੈ ਜਦੋਂ ਇਹ ਸਿਰੜੀ ਨਾਇਕ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਿਲ ਕਰਕੇ ਕਰਕੇ 'ਡਾਕਟਰ ਹਰੀਸ਼' ਬਣ ਕੇ ਅੰਤਰੀਵੀ ਸਕੂਨ ਹਾਸਿਲ ਕਰਦਾ ਹੈ। ਸਮੀਖਿਆ ਅਧੀਨ ਇਸ ਬਾਲ ਨਾਵਲ ਦੇ ਸਮੁੱਚੇ ਬਿਰਤਾਂਤ ਰਾਹੀਂ ਇਹ ਪਤਾ ਲਗਦਾ ਹੈ ਕਿ ਜੀਵਨ ਵਿਚ ਦਰਪੇਸ਼ ਮੁਸ਼ਕਲਾਤ ਜਾਂ ਸੰਕਟਾਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਢੇਰੀ ਢਾਹ ਕੇ ਬਹਿ ਜਾਣਾ ਦਾ ਨਾ ਈ ਨਹੀਂ ਸਗੋਂ ਲਗਨ, ਮਿਹਨਤ, ਹਿੰਮਤ ਅਤੇ ਸਿਰੜ ਨਾਲ ਆਪਣੇ ਸੁਪਨੇ ਨੂੰ ਸਾਕਾਰ ਕਰਨਾ ਹੀ ਜ਼ਿੰਦਾਦਿਲੀ ਹੈ। ਦੂਜੇ ਪਾਸੇ ਅਜੋਕੇ ਪਦਾਰਥਵਾਦੀ ਜਾਂ ਬਾਜ਼ਾਰੂਵਾਦੀ ਯੁੱਗ ਵਿਚ ਅੱਜ ਵੀ ਸਿਧਾਰਥ ਅਤੇ ਮੇਘਾ ਵਰਗੇ ਅਧਿਆਪਕ ਮੌਜੂਦ ਹਨ, ਜੋ ਕਿਸੇ ਵਿਦਿਆਰਥੀ ਵਿਚ ਛੁਪੇ ਹੋਏ ਹੁਨਰ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਮੁਮਕਿਨ ਮਦਦ ਕਰਦੇ ਹਨ। ਇਸ ਪ੍ਰਕਾਰ ਇਹ ਬਾਲ ਨਾਵਲ ਇਸ ਸੁਨੇਹੇ ਦਾ ਸੰਚਾਰ ਕਰਦਾ ਹੈ ਕਿ ਪੱਕਾ ਇਰਾਦਾ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਲ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ। ਇਹ ਨਾਵਲ ਮਨੁੱਖ ਨੂੰ ਪਦਾਰਥਵਾਦੀ ਸੋਚ ਦਾ ਤਿਆਗ ਕਰਕੇ ਲੋੜਵੰਦਾਂ ਪ੍ਰਤੀ ਕਲਿਆਣਕਾਰੀ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ। ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਸੁਭਾਵਿਕ ਅਤੇ ਸਰਲ ਹੈ। ਨਾਵਲ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਅਤੇ ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਗਿਆ ਹੈ।
ਕੁੱਲ ਮਿਲਾ ਕੇ ਇਹ ਬਾਲ ਨਾਵਲ ਵਾਸਤਵਿਕ ਜੀਵਨ ਦੇ ਖ਼ੂਬਸੂਰਤ ਬਿਰਤਾਂਤ ਦਾ ਦਰਪਣ ਕਿਹਾ ਜਾ ਸਕਦਾ ਹੈ। ਮੈਂ ਡਾ. ਸੂਰੀ ਨੂੰ ਇਸ ਪ੍ਰੇਰਕ ਬਾਲ ਨਾਵਲ ਲਈ ਮੁਬਾਰਕਬਾਦ ਦਿੰਦਾ ਹਾਂ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਸੂਝ ਸੰਚਾਰ
ਸੰਪਾਦਕ : ਜਗਜੀਤ ਸਿੰਘ ਆਨੰਦ
ਪ੍ਰਕਾਸ਼ਕ : ਨਵਯੁਗ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 011-26802488
ਪ੍ਰਸਿੱਧ ਮਾਰਕਸਵਾਦੀ ਚਿੰਤਕ ਸ. ਜਗਜੀਤ ਸਿੰਘ ਆਨੰਦ ਦੁਆਰਾ ਸੰਪਾਦਿਤ ਇਹ ਪੁਸਤਕ ਕਾਮਰੇਡ ਲੈਨਿਨ-ਦੀ ਜਨਮ-ਸ਼ਤਾਬਦੀ ਦੇ ਅਵਸਰ ਉੱਪਰ ਉਸ ਮਹਾਂ-ਮਾਨਵ ਨੂੰ ਯਾਦ ਕਰਨ ਦਾ ਇਕ ਉਪਰਾਲਾ ਸੀ। ਇਸ ਪੁਸਤਕ ਵਿਚ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਲੈ ਕੇ ਨਾਵਲਕਾਰ ਗੁਰਦਿਆਲ ਸਿੰਘ ਤੱਕ 16 ਪ੍ਰਗਤੀਸ਼ੀਲ ਲੇਖਕਾਂ ਅਤੇ ਮਾਰਕਸਵਾਦੀ ਚਿੰਤਕਾਂ ਦੇ ਵਿਚਾਰ ਅੰਕਿਤ ਹੋਏ ਹਨ। ਸ. ਆਨੰਦ ਦੀ ਇਹ ਕੋਸ਼ਿਸ਼ ਰਹੀ ਕਿ ਇਸ ਪੁਸਤਕ ਵਿਚ ਕੇਵਲ ਉਨ੍ਹਾਂ ਵਿਅਕਤੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਨੂੰ ਸਾਹਿਤ-ਸਿਰਜਣ ਦਾ ਹੁਨਰ ਆਉਂਦਾ ਹੋਵੇ, ਕਿਉਂਕਿ ਕਿਸੇ ਵੀ ਮਹਾਨ ਵਿਅਕਤੀ ਨੂੰ ਜੇਕਰ ਸਾਹਿਤ ਦੀ ਕਿਸੇ ਵਿਧਾ ਦੁਆਰਾ ਸਿਮਰਿਆ ਜਾਵੇ ਤਾਂ ਅਜਿਹੀ ਕੋਸ਼ਿਸ਼ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਕਾਮਰੇਡ ਲੈਨਿਨ ਨਾ ਕੇਵਲ ਆਪ ਇਕ ਚੰਗਾ ਲੇਖਕ ਸੀ, ਬਲਕਿ ਉਹ ਸਾਹਿਤ-ਸ਼ਾਸਤਰ ਦੀ ਥਿਊਰੀ ਨੂੰ ਵੀ ਖ਼ੂਬ ਸਮਝਦਾ ਸੀ। ਉਸ ਨੇ ਆਪਣੇ ਕੁਝ ਹੋਰ ਬੁੱਧੀਮਾਨ ਸਾਥੀਆਂ ਨੂੰ ਪ੍ਰੇਰਨਾ ਦੇ ਕੇ ਸਾਹਿਤ ਦੀ ਮਾਰਕਸਵਾਦੀ ਵਿਆਖਿਆ ਵੀ ਕੀਤੀ ਅਤੇ ਕਰਵਾਈ ਸੀ। ਇਸ ਪੁਸਤਕ ਦੇ ਲੇਖਕਾਂ ਨੇ ਲੈਨਿਨ ਦੀ ਸ਼ਖ਼ਸੀਅਤ, ਸੋਵੀਅਤ ਸਟੇਟ ਨੂੰ ਉਸ ਦੀ ਦੇਣ ਅਤੇ ਵੈਸ਼ਵਿਕ ਪ੍ਰਸੰਗ ਵਿਚ ਉਸ ਦੇ ਵਿਚਾਰਧਾਰਾਈ ਯੋਗਦਾਨ ਨੂੰ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਅਤੇ ਉਘਾੜਿਆ ਹੈ। ਪੁਸਤਕ ਦੀ ਉਥਾਨਕਾ ਵਿਚ ਕਾਮਰੇਡ ਆਨੰਦ ਨੇ ਬਿਲਕੁਲ ਸਹੀ ਆਂਕਿਆ ਹੈ ਕਿ ਰੂਸੀ ਇਨਕਲਾਬ ਦੁਨੀਆ ਦੇ ਹੋਰ ਇਨਕਲਾਬਾਂ ਤੋਂ ਵੱਖਰਾ ਸੀ ਕਿਉਂਕਿ ਹੋਰ ਇਨਕਲਾਬਾਂ ਵਿਚ ਹਾਕਮ ਭਾਵੇਂ ਬਦਲ ਜਾਂਦੇ ਹਨ ਪਰ ਲੁੱਟ-ਖਸੁੱਟ ਕਿਸੇ ਨਵੇਂ ਰੂਪ ਵਿਚ ਜਾਰੀ ਰਹਿੰਦੀ ਹੈ। ਲੈਨਿਨ ਦੇ ਇਨਕਲਾਬ ਨੇ ਲੁੱਟ-ਖੋਹ ਦੇ ਮੂਲ ਆਧਾਰ, ਜਾਇਦਾਦ ਦੀ ਨਿੱਜੀ ਮਾਲਕੀ ਨੂੰ ਹੀ ਖ਼ਤਮ ਕਰ ਦਿੱਤਾ ਅਤੇ ਇਸ ਤਰ੍ਹਾਂ ਇਕ ਸ਼੍ਰੇਣੀ ਰਹਿਤ ਸਮਾਜ ਦੀ ਨੀਂਹ ਰੱਖ ਦਿੱਤੀ ਸੀ।' ਸੋਵੀਅਤ ਦੇਸ਼ ਦਾ ਸ਼੍ਰੇਣੀ ਰਹਿਤ ਸਮਾਜ ਵਾਲਾ ਮਾਡਲ ਪੂੰਜੀਵਾਦੀ ਵਿਵਸਥਾ ਨੇ ਚੱਲਣ ਨਾ ਦਿੱਤਾ ਪਰ ਭਾਰਤ ਵਿਚ ਅਜੇ ਵੀ ਕੁਝ ਸੰਭਾਵਨਾਵਾਂ ਹੈਨ। ਸਤਿਗੁਰ ਨਾਨਕ ਦੀ ਵਿਚਾਰਧਾਰਾ ਨਾਲ ਮਿਲਾ ਕੇ ਸਮਾਜਵਾਦ ਦੀ ਅਜੇ ਵੀ ਸਥਾਪਨਾ ਕੀਤੀ ਜਾ ਸਕਦੀ ਹੈ। ਪੂੰਜੀਵਾਦ ਨੇ ਆਪਣੀ ਅਉਧ-ਹੰਢਾ ਲਈ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਦੀ ਦ੍ਰਿਸ਼ਟੀ 'ਤੇ
ਅਜੋਕੇ ਸਮੇਂ ਦੀ ਤੋਰ
ਸੰਪਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 99558-31357
ਜਗੀਰ ਸਿੰਘ ਜਗਤਾਰ ਨੇ 19 ਸਾਲ ਦੀ ਉਮਰ ਵਿਚ ਪੱਤਰਕਾਰੀ ਦੇ ਖੇਤਰ ਵਿਚ ਆਗਾਜ਼ ਕੀਤਾ। ਉਸ ਦੀ ਅਣਥੱਕ ਮਿਹਨਤ ਤੇ ਕਲਮ 'ਚ ਪਰਪੱਕਤਾ ਉਸ ਦੇ ਜੀਵਨ ਤਜਰਬਿਆਂ ਦੀ ਗਵਾਹ ਹੈ। ਬਲਦੇਵ ਸਿੰਘ ਬੱਦਨ ਨੇ ਜਗੀਰ ਸਿੰਘ ਜਗਤਾਰ ਦੀ ਸਾਹਿਤਕ ਤੇ ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣਤਾ ਦੇ ਦਰਸ਼ਨ ਪੁਸਤਕ 'ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਦੀ ਦ੍ਰਿਸ਼ਟੀ ਤੋਂ ਅਜੋਕੇ ਸਮੇਂ ਦੀ ਤੋਰ' ਵਿਚ ਕਰਵਾਏ ਹਨ। ਪੁਸਤਕ ਵਿਚ 44 ਦੇ ਕਰੀਬ ਲੇਖ ਦਰਜ ਹਨ, ਜੋ ਉਸ ਦੀ ਕਲਮ ਦੀ 'ਹੱਕ ਸੱਚ' ਦਾ ਪਮਾਣ ਹਨ। ਪ੍ਰਮੁੱਖ ਵਿਸ਼ੇ ਭਗਵੰਤ ਮਾਨ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੱਖ-ਵੱਖ ਮਸਲੇ, ਦਿੱਲੀ ਦੀ ਪੰਜਾਬ ਪ੍ਰਤੀ ਸੋਚ, ਪਿੰਡ ਦੀਆਂ ਪੰਚਾਇਤਾਂ, ਕਾਨੂੰਨ ਸੋਧਾਂ ਪਿੱਛੇ ਸਰਕਾਰ ਦੀ ਮਨਸ਼ਾ, ਪਜਾਬੀਆਂ ਦੀ ਕਾਰਜ-ਪ੍ਰਣਾਲੀ ਤੇ ਸੁਭਾਅ, ਭਾਸ਼ਾ ਪ੍ਰਤੀ ਫ਼ਰਜ਼, ਪੋਸਤ ਦੀ ਖੇਤੀ 'ਤੇ ਵਿਚਾਰ ਚਰਚਾ, ਸਿੰਥੈਟਿਕ ਨਸ਼ਿਆਂ ਦੀ ਵੱਧ ਰਹੀ ਆਦਤ, ਭਾਰਤ ਕੈਨੇਡਾ ਅੰਤਰ ਸੰਬੰਧ, ਖੇਡਾਂ ਦੀ ਹੋਂਦ ਤੇ ਪੰਜਾਬ ਦੀ ਸਥਿਤੀ, ਮਸਤੂਆਣਾ ਕਾਂਡ, ਮੁੰਬਈ 'ਚ ਕਿਸਾਨ ਮਾਰਚ ਤੇ ਵੱਖਰਤਾ, ਕਿਸਾਨ ਜਥੇਬੰਦੀਆਂ ਤੇ ਏਕਤਾ, ਭਾਜਪਾ ਦੀ ਕਾਰਜ-ਪ੍ਰਣਾਲੀ, ਪਹਿਲਵਾਨ ਧੀਆਂ ਦਾ ਸੰਘਰਸ਼ ਤੇ ਇਨਸਾਫ਼ ਦੀ ਪੈਰਵੀ, ਸੁਨੀਲ ਜਾਖੜ, ਦਲਿਤਾਂ ਤੋਂ ਵਿੱਦਿਆ ਖੋਹਣਾ, ਸਿਵਲ ਕੋਡ, ਕਾਨੂੰਨੀ ਪ੍ਰਕਿਰਿਆ, ਚੰਦਰਯਾਨ ਮਿਸ਼ਨ ਆਦਿ ਹਨ। ਇਨ੍ਹਾਂ ਵਿਭਿੰਨ ਵਿਸ਼ਿਆਂ ਨੂੰ ਬਿਆਨਣ ਦੀ ਕਲਾਤਮਿਕਤਾ ਵਿਲੱਖਣ ਰੂਪ ਗ੍ਰਹਿਣ ਕਰਦੀ ਹੈ।
ਜਗੀਰ ਸਿੰਘ ਦੀ ਪੱਤਰਕਾਰੀ ਵਿਲੱਖਣਤਾ ਦੀ ਲਿਖਾਇਕ ਹੈ। ਸੁਰਿੰਦਰ ਸਿੰਘ ਨੇ ਉਸ ਨੂੰ ਤੇਜ ਕਲਮ ਦਾ ਪੱਤਰਕਾਰ ਕਿਹਾ, ਸਤਿੰਦਰ ਸਿੰਘ ਨੇ ਰਾਹ ਵਿਖਾਵੇ ਵਾਲਾ ਪੱਤਰਕਾਰ, ਡਾਕਟਰ ਮੇਘਾ ਸਿੰਘ ਉਸ ਨੂੰ ਲੋਕਪੱਖੀ ਪੱਤਰਕਾਰ ਸਮਝਦਾ, ਜਗਸੀਰ ਸੰਧੂ ਨੇ ਉਸ ਨੂੰ ਸਿੱਖੀ ਨੂੰ ਪ੍ਰਣਾਇਆ ਪੱਤਰਕਾਰ ਕਿਹਾ ਅਤੇ ਜਤਿੰਦਰ ਦੇਵਗਣ ਨੇ ਵਿਲੱਖਣ ਸ਼ਖ਼ਸੀਅਤ ਦੀ ਉਪਮਾ ਦਿੱਤੀ ਹੈ। ਡਾ. ਬੱਦਨ ਦਾ ਵਿਚਾਰ :
'ਜਗਤਾਰ ਦੀ ਪੱਤਰਕਾਰੀ, ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਉੱਪਰ ਆਧਾਰਿਤ ਹੈ। ਉਹ ਅਜਿਹਾ ਪੱਤਰਕਾਰ ਹੈ, ਜੋ ਖਰੀਦਿਆ ਨਹੀਂ ਜਾ ਸਕਦਾ। ਅਜੇ ਤੱਕ ਉਸ ਨੇ ਝੂਠੀ ਖ਼ਬਰ ਬਿਆਨਬਾਜ਼ੀ ਅਤੇ ਸੰਪਾਦਕੀ ਕਦੇ ਵੀ ਝੂਠ ਉੱਪਰ ਆਧਾਰਿਤ ਨਹੀਂ।' ਪਾਠਕਾਂ ਨੂੰ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-421810
ਸਰਦਾਰ
ਨਾਟਕਕਾਰ : ਸੰਜੀਵਨ ਸਿੰਘ
ਪ੍ਰਕਾਸਕ : ਯੂਨੀਸਟਾਰ ਬੁੱਕਸ, ਮੋਹਾਲੀ
ਮੁੱਲ : 300 ਰੁਪਏ, ਸਫ਼ੇ : 61
ਸੰਪਰਕ : 94174-60656
ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਪ੍ਰਵਾਨਿਆਂ ਨੂੰ ਸਮਰਪਿਤ 'ਸਰਦਾਰ' ਨਾਟਕ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। 14 ਪਾਤਰਾਂ ਤੇ 13 ਦ੍ਰਿਸ਼ਾਂ ਵਿਚ ਸੰਪੂਰਨ ਹੋਏ ਇਸ ਨਾਟਕ ਬਾਰੇ ਪ੍ਰੋ. ਜਗਮੋਹਨ ਸਿੰਘ ਨੇ ਅਰਕਨੁਮਾ ਅੰਦਾਜ਼ 'ਚ ਬਿਲਕੁਲ ਸਹੀ ਲਿਖਿਆ ਹੈ ਕਿ 'ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ, ਗਦਰੀ ਬਾਬਿਆਂ ਨੂੰ ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਇਕਸਾਰਤਾ ਸੀ। ਭਗਤ ਸਿੰਘ ਨੇ ਆਪਣੇ ਸਾਥੀਆਂ ਨੂੰ ਜੇਲ੍ਹ ਵਿਚ ਕਿਹਾ ਸੀ ਕਿਉਂਕਿ ਜਿਸ ਵਿਚਾਰ ਦਾ ਮੈਨੂੰ ਯਕੀਨ ਹੋ ਜਾਂਦਾ ਹੈ, ਮੈਂ ਉਸ ਨੂੰ ਅਮਲ ਵਿਚ ਲਿਆਉਂਦਾ ਹਾਂ ਅਤੇ ਪੱਕਾ ਕਰਦਾ ਹਾਂ। ਭਲਾ ਚਾਹੁੰਣ ਨਾਲ ਸਮਾਜ ਦਾ ਭਲਾ ਨਹੀਂ ਹੁੰਦਾ, ਸਗੋਂ ਸਮਾਜ ਨੂੰ ਬਦਲਣ ਲਈ ਇਕ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸਮਾਜਿਕ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਸੰਜੀਵਨ ਸਿੰਘ ਇਕ ਨਿਸ਼ਠਾ ਵਾਲਾ ਤੇ ਨਾਟਕਲਾ ਦਾ ਖੂਬ ਮਾਸਟਰ ਹੈ। ਉਸ ਨੇ ਨਾਟਕ 'ਸਰਦਾਰ' ਨੂੰ ਬਹੁਤ ਹੀ ਖੂਬ ਅਤੇ ਵਧੀਆ ਤਰੀਕੇ ਨਾਲ ਬੁਣਿਆ ਹੈ। ਇਸ ਵਿਚ ਤਿੰਨ ਪੁਸ਼ਤਾਂ ਦਾ ਸੰਵਾਦ ਹੈ ਅਤੇ ਬਹੁਤ ਹੀ ਖੂਬਸੂਰਤੀ ਨਾਲ ਨਵੀਂ ਪੀੜ੍ਹੀ ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਇਕ ਚੱਲਦੇ ਫਿਰਦੇ ਹੱਸਦੇ ਖੇਡਦੇ ਪਰ ਆਪਣੇ ਉਦੇਸ਼ ਲਈ ਪ੍ਰਤੀਬੱਧ ਦੇ ਤੌਰ 'ਤੇ ਦਿਖਾਇਆ ਹੈ।
'ਮੇਰਾ ਇਹ ਨਾਟਕ' ਤਹਿਤ ਸੰਜੀਵਨ ਸਿੰਘ ਨੇ ਇਸ ਨਾਟਕ ਬਾਰੇ ਗੱਲ ਕਰਦਿਆਂ ਇਕ ਬੜਾ ਭਾਵਪੂਰਤ ਸਵਾਲ ਇਨ੍ਹਾਂ ਸ਼ਬਦਾਂ 'ਚ ਖੜ੍ਹਾ ਕੀਤਾ ਹੈ:
ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ਼ ਭਗਤਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਆਜ਼ਾਦੀ ਖਾਤਰ ਹੱਸ-ਹੱਸ ਕੇ ਕੁਰਬਾਨ ਕੀਤੀਆਂ, ਕੀ ਅੱਜ ਦਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਰਨ? ਬਹੁਤ ਸਰਲ, ਸਪੱਸ਼ਟ ਤੇ ਪੂਰੀ ਠੇਠ ਮੁਹਾਵਰੇ ਵਾਲੀ ਪੰਜਾਬੀ ਵਿਚ ਲਿਖਿਆ ਗਿਆ, ਇਹ ਨਾਟਕ ਹੇਠ ਲਿਖੀਆਂ ਕਾਵਿ-ਸਤਰਾਂ 'ਤੇ ਗੱਲ ਮੁਕਾਉਂਦਾ ਹੈ:
ਸਮੇਂ ਦੀ ਲੋੜ ਹੈ ਦੁਰਗਾ ਨੂੰ ਅਵਤਾਰ ਬਣ ਜਾਣਾ
ਵਤਨ ਦੇ ਵਾਸਤੇ ਮੈਂ ਭਗਤ ਸਿੰਘ ਸਰਦਾਰ ਬਣ ਜਾਣਾ
ਨਿਰਸੰਦੇਹ ਸੰਜੀਵਨ ਸਿੰਘ ਦਾ ਉੱਦਮ ਸਲਾਹੁਣਯੋਗ ਹੈ। ਮੇਰੀ ਜਾਚੇ ਨਾਟਕ ਦਾ ਨਾਂਅ 'ਭਗਤ ਸਿੰਘ ਸਰਦਾਰ' ਜਾਂ 'ਸਰਦਾਰ ਭਗਤ ਸਿੰਘ' ਹੁੰਦਾ ਤਾਂ ਰਚਨਾ ਦੀ ਥੀਮਗਤ ਦ੍ਰਿਸ਼ਟੀ ਤੋਂ ਨਾਟਕ ਦੇ ਨਾਂਅ ਦੀ ਗੁਣਾਤਮਿਕਤਾ 'ਚ ਹੋਰ ਵਾਧਾ ਹੋ ਜਾਣਾ ਸੀ। ਪੁਸਤਕ ਅੰਦਰਲੀਆਂ ਰੰਗਦਾਰ ਫੋਟੋਆਂ ਸੁੰਦਰ ਤੇ ਢੁਕਵੀਆਂ ਹਨ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਬੰਤ ਰਾਮ ਅਲੀਸ਼ੇਰ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94178-55876
ਦੋ ਦਰਜਨ ਪੁਸਤਕਾਂ ਦੇ ਰਚੇਤਾ ਹਰੀ ਸਿੰਘ ਢੁੱਡੀਕੇ ਦਾ 10ਵਾਂ ਇਤਿਹਾਸਕ ਨਾਵਲ 'ਬੰਤ ਰਾਮ ਅਲੀਸ਼ੇਰ' ਉਸ ਯੋਧਾ ਦੇ ਜੀਵਨ ਅਤੇ ਮੁਜ਼ਾਰਾ ਲਹਿਰ ਦੌਰਾਨ ਉਸ ਦੁਆਰਾ ਕੀਤੇ ਸੰਘਰਸ਼ 'ਤੇ ਆਧਾਰਿਤ ਹੈ। ਮੁਜ਼ਾਰਾ ਲਹਿਰ ਪੰਜਾਬ ਦੀ ਇਕ ਮਹੱਤਵਪੂਰਨ ਕਿਸਾਨ ਲਹਿਰ ਸੀ। ਇਸ ਲਹਿਰ ਨੇ 1930 ਦੇ ਦਹਾਕੇ ਵਿਚ ਜ਼ੋਰ ਫੜਿਆ, ਜਦੋਂ ਕਿਸਾਨਾਂ ਨੇ ਜ਼ਿਮੀਂਦਾਰਾਂ ਦੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਈ। ਇਸ ਲਹਿਰ ਨੂੰ ਪੰਜਾਬੀ ਸਾਹਿਤ ਦੇ ਬਾਕੀ ਵਿਧਾ-ਰੂਪਾਂ ਦੇ ਨਾਲ-ਨਾਲ ਨਾਵਲ ਵਿਧਾ ਵਿਚ ਵੀ ਵਿਸ਼ੇ ਵਜੋਂ ਵਰਤਿਆ ਗਿਆ ਹੈ। ਨਾਵਲਕਾਰ ਹਰੀ ਸਿੰਘ ਢੁੱਡੀਕੇ ਨੇ ਇਸ ਲਹਿਰ ਨੂੰ ਆਪਣੇ ਇਸ ਨਾਵਲ ਦਾ ਵਿਸ਼ਾ ਬਣਾਇਆ ਹੈ। ਇਸ ਨਾਵਲ ਵਿਚ ਮੁਜ਼ਾਰਿਆਂ ਦੀ ਜ਼ਿੰਦਗੀ, ਉਨ੍ਹਾਂ ਦੇ ਸੰਘਰਸ਼ ਅਤੇ ਉਸ ਸਮੇਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਜੀਵੰਤ ਚਿਤਰਣ ਕੀਤਾ ਗਿਆ ਹੈ। ਇਹ ਨਾਵਲ ਸਿਰਫ਼ ਸਾਹਿਤਕ ਪੱਖੋਂ ਹੀ ਨਹੀਂ ਇਤਿਹਾਸਕ ਦਸਤਾਵੇਜ਼ੀ ਪ੍ਰਕਿਰਿਆ ਵਜੋਂ ਵੀ ਮਹੱਤਵਪੂਰਨ ਹੈ। ਨਾਵਲਕਾਰ ਨੇ ਇਸ ਲਹਿਰ ਨੂੰ ਇਕ ਸਮਾਜਿਕ-ਆਰਥਿਕ ਅੰਦੋਲਨ ਵਜੋਂ ਪੇਸ਼ ਕਰਦੇ ਹੋਏ ਮਨੁੱਖੀ ਸੰਵੇਦਨਾਵਾਂ ਅਤੇ ਸੰਘਰਸ਼ ਦੀ ਬਾਤ ਵੀ ਸੁਣਾਈ ਹੈ। ਬੰਤ ਰਾਮ ਅਲੀਸ਼ੇਰ ਦੇ ਫ਼ੌਜ ਵਿਚ ਭਰਤੀ ਹੋਣ ਮਗਰੋਂ ਵੀ ਆਪਣੇ ਅੰਗਰੇਜ਼ ਅਧਿਕਾਰੀਆਂ ਅਤੇ ਉਨ੍ਹਾਂ ਦੇ ਚਹੇਤੇ ਦੇਸੀ ਅਧਿਕਾਰੀਆਂ ਦੀ ਈਨ ਨਾ ਮੰਨੀ। ਇਸੇ ਕਾਰਨ ਉਸ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਵੀ ਹੋਈ ਅਤੇ ਉਹ ਜਦ ਸਜ਼ਾ ਤੋਂ ਬਾਅਦ ਪਿੰਡ ਪਹੁੰਚਿਆ ਤਾਂ ਬਿਸਵੇਦਾਰੀ ਹੇਠ ਜ਼ਮੀਨਾਂ ਦੀ ਮਲਕੀਅਤ ਕਿਸਾਨਾਂ ਕੋਲ ਨਾ ਹੋਣ ਦੇ ਕਾਰਨ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ। ਇਸੇ ਕਾਰਨ ਲੋਕਾਂ ਵਿਚ ਬਗ਼ਾਵਤ ਉੱਠ ਰਹੀ ਸੀ ਅਤੇ ਇਸ ਬਗ਼ਾਵਤ ਵਿਚੋਂ ਜੋ ਲਹਿਰਾਂ ਸੰਘਰਸ਼ ਲਈ ਉੱਠੀਆਂ ਸਨ, 'ਮੁਜ਼ਾਰਾ ਲਹਿਰ' ਇਨ੍ਹਾਂ ਵਿਚੋਂ ਪ੍ਰਮੁੱਖ ਸੀ। ਇਸੇ ਲਹਿਰ ਦੇ ਸੰਘਰਸ਼ ਦੀ ਕਹਾਣੀ ਅਤੇ ਉਸ ਸਾਰੇ ਕਿੱਸੇ ਵਿਚ ਬੰਤ ਰਾਮ ਅਲੀਸ਼ੇਰ ਦਾ ਜੁਝਾਰੂ ਹੱਥ ਬਾਰੇ ਇਸ ਨਾਵਲ ਵਿਚ ਚਿਤਰਤ ਹੋਇਆ। ਇਤਿਹਾਸਕ ਨਾਵਲ ਹੋਣ ਕਾਰਨ ਇਤਿਹਾਸਕ ਅਤੇ ਜਾਣਕਾਰੀ ਪ੍ਰਦਾਨ ਸ਼ੈਲੀ ਦੀ ਵਰਤੋਂ ਹੋਈ ਹੈ ਅਤੇ ਲਹਿਰ ਤੋਂ ਪ੍ਰਭਾਵਿਤ ਤਕਨੀਕੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਨਾਵਲ ਦੇ ਇਕ ਪਾਸਾਰ 'ਚ ਉਹ ਲਿਖਦਾ ਹੈ, ਕਈ ਬਿਸਵੇਦਾਰ ਆਕੜੇ ਹੋਏ ਸਨ ਤੇ ਉਹ ਮੁਜ਼ਾਰਿਆਂ ਨੂੰ ਜ਼ਮੀਨਾਂ ਦੇਣ ਲਈ ਤਿਆਰ ਨਹੀਂ ਸਨ। ਬੰਤ ਰਾਮ ਦਾ ਨਾਂਅ ਤਾਂ ਦੂਰ-ਦੂਰ ਤੱਕ ਬਹੁਤ ਮਸ਼ਹੂਰ ਹੋ ਗਿਆ ਸੀ ਤੇ ਕਈ ਸਰਦਾਰਾਂ ਦੀ ਇਹ ਗੱਲ ਵੀ ਸੁਣਨ ਵਿਚ ਆ ਰਹੀ ਸੀ ਕਿ ਕਦੇ ਵੇਖ ਲਵਾਂਗੇ ਬੰਤ ਰਾਮ ਨੂੰ ਵੀ। ਉਂਝ ਬਹੁਤ ਮੁਜ਼ਾਰੇ ਜਿਹੜੇ ਜ਼ਮੀਨ ਤੋਂ ਬੇਦਖਲ ਕੀਤੇ ਹੋਏ ਸਨ ਤੇ ਕਈ ਤਾਂ ਸਰਦਾਰਾਂ ਦੇ ਦਬਾਅ ਦੇ ਕਾਰਨ ਪਿੰਡ ਹੀ ਛੱਡ ਗਏ ਸਨ। ਉਹ ਸਿੱਧਾ ਬੰਤ ਰਾਮ ਕੋਲ ਆਉਣ ਲੱਗ ਪਏ। ਜੇ ਬੰਤ ਰਾਮ ਘਰ ਨਾ ਮਿਲਦਾ ਤਾਂ ਉਹ ਮੁਜ਼ਾਰੇ ਆਪਣਾ ਨਾਂਅ ਤੇ ਪਿੰਡ ਦਾ ਨਾਂਅ ਦੱਸ ਕੇ ਫੇਰ ਆਉਣ ਦੀ ਗੱਲ ਕਰ ਕੇ ਚਲੇ ਜਾਂਦੇ। ਆਸ ਕੀਤੀ ਜਾਂਦੀ ਹੈ ਕਿ ਇਸ ਨਾਵਲ ਨੂੰ ਵੀ ਹਰੀ ਸਿੰਘ ਢੁੱਡੀਕੇ ਦੇ ਪਹਿਲੇ ਨਾਵਲਾਂ ਵਾਂਗ ਭਰਪੂਰ ਹੁੰਗਾਰਾ ਮਿਲੇਗਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551