ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਬੈਠਕ

ਸੰਗਰੂਰ, 10 ਮਾਰਚ (ਧੀਰਜ ਪਸ਼ੋਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਲੋਕਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਅਤੇ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਭਾਗੀ ਅਧਿਕਾਰੀਆਂ ਦੇ ਪੱਧਰ ਉੱਤੇ ਹਲਕਾ ਸੰਗਰੂਰ ਦੇ ਵਿਕਾਸ ਕਾਰਜਾਂ ਵਿਚ ਬੇਲੋੜੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜਾਂ ਦੌਰਾਨ ਮਿਆਰੀ ਕਿਸਮ ਦੀ ਗੁਣਵੱਤਾ ਆਧਾਰਿਤ ਸਮੱਗਰੀ ਹੀ ਵਰਤੋਂ ਵਿਚ ਲਿਆਂਦੀ ਜਾਵੇ। ਭਰਾਜ ਨੇ ਪੰਜਾਬ ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਪੰਚਾਇਤੀ ਰਾਜ, ਸਿੱਖਿਆ ਵਿਭਾਗ, ਪੀ.ਐਸ.ਪੀ.ਸੀ.ਐਲ., ਜਲ ਸਰੋਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸੀਵਰੇਜ ਬੋਰਡ, ਭੂਮੀ ਰੱਖਿਆ ਤੇ ਭੌਂ ਵਿਕਾਸ, ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਤੋਂ ਵੱਖ-ਵੱਖ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਿਰਧਾਰਿਤ ਸਮਾਂ ਸੀਮਾ ਵਿਚ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਭਰਾਜ ਨੇ ਐਕਸੀਅਨ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਸੀਜ਼ਨ ਤੋਂ ਪਹਿਲਾਂ-ਪਹਿਲਾਂ ਸੰਗਰੂਰ ਵਿਚ ਸੀਵਰੇਜ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਮਸਲਾ ਕਈ ਵਾਰ ਗੰਭੀਰ ਰੂਪ ਧਾਰਨ ਕਰ ਜਾਂਦਾ ਹੈ ਅਤੇ ਇਸ ਨੂੰ ਸਮੇਂ-ਸਿਰ ਪੂਰਾ ਕਰਨ ਵਿਚ ਕਿਸੇ ਵੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।