ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ
ਕਪੂਰਥਲਾ, 24 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਰਜ਼ਾਪੁਰ ਵਿਖੇ ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਗੌਰਵ ਧੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਜ਼ਾਪੁਰ ਵਿਖੇ ਇਕ ਔਰਤ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ । ਮ੍ਰਿਤਕ ਔਰਤ ਦੀ ਪਹਿਚਾਣ ਪਵਨਦੀਪ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਰਜ਼ਾਪੁਰ ਵਜੋਂ ਹੋਈ ਹੈ ।ਮ੍ਰਿਤਕ ਔਰਤ ਦੀ ਮਾਂ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ ਕਿ ਉਸ ਦੀ ਲੜਕੀ ਪਵਨਦੀਪ ਕੌਰ ਨੂੰ ਸਹੁਰਾ ਪਰਿਵਾਰ ਦਾਜ ਦਹੇਜ ਲਈ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ 'ਤੇ ਮੇਰੀ ਲੜਕੀ ਨੂੰ ਕਥਿਤ ਤੌਰ 'ਤੇ ਮੇਰੇ ਜਵਾਈ ਨੇ ਹੀ ਮਾਰਿਆ ਹੈ । ਐਸ.ਐਚ.ਓ. ਨੇ ਦੱਸਿਆ ਕਿ ਲੜਕੀ ਦੇ ਮਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ।