2 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪੰਚ ਦੇ ਘਰੋਂ ਮਿਲੀ
ਲੋਹਟਬੱਦੀ (ਲੁਧਿਆਣਾ), 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਲੋਹਟਬੱਦੀ ਵਿਖੇ ਬੀਤੇ ਦੋ ਦਿਨਾਂ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਨੌਜਵਾਨ ਇਕਬਾਲਜੀਤ ਸਿੰਘ ਉਰਫ ਮੋਨਾ (ਕਰੀਬ 38 ਸਾਲ) ਪੁੱਤਰ ਨਿਰਮਲ ਸਿੰਘ ਦੀ ਲਾਸ਼ ਪੁਲਿਸ ਚੌਕੀ ਲੋਹਟਬੱਦੀ ਦੀ ਟੀਮ ਨੇ ਪਿੰਡ ਦੀ ਹੀ ਮਹਿਲਾ ਪੰਚ ਗੁਰਪ੍ਰੀਤ ਕੌਰ ਦੇ ਘਰੋਂ ਬਰਾਮਦ ਕੀਤੀ ਹੈ। ਮੁਢਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਪੰਚ ਦੇ ਲੜਕੇ ਕੁਲਵਿੰਦਰ ਸਿੰਘ ਉਰਫ ਸੰਨੀ ਪੁੱਤਰ ਅਵਤਾਰ ਸਿੰਘ, ਇਕਬਾਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਊਧਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੜੂੰਦੀ ਆਪਸ ਵਿਚ ਦੋਸਤ ਸਨ ਜਿਨ੍ਹਾਂ ਪੰਚ ਦੇ ਘਰ ਬੈਠ ਕੇ ਸ਼ਰਾਬ ਪੀਤੀ ਅਤੇ ਉੱਥੇ ਹੀ ਸੌਂ ਗਏ। ਦੂਜੇ ਦਿਨ ਪਤਾ ਲੱਗਾ ਕਿ ਇਕਬਾਲਜੀਤ ਸਿੰਘ ਉਰਫ ਮੋਨਾ ਉਨ੍ਹਾਂ ਦੇ ਘਰ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਊਧਮ ਸਿੰਘ ਤਾਂ ਰਾਤੀਂ ਹੀ ਉਥੋਂ ਚਲਾ ਗਿਆ ਜਦਕਿ ਮੌਤ ਤੋਂ ਘਬਰਾਈ ਪੰਚ ਗੁਰਪ੍ਰੀਤ ਕੌਰ ਵੀ ਆਪਣੇ ਲੜਕੇ ਨਾਲ ਕਿਧਰੇ ਭੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।