ਸ਼ਰਾਬ ਦੇ ਨਸ਼ੇ ਕਾਰਨ ਆਪਸੀ ਤਕਰਾਰ ’ਚ ਇਕ ਵਿਅਕਤੀ ਦਾ ਇੱਟ ਮਾਰ ਕੇ ਕਤਲ
ਰਾਮਾਂ ਮੰਡੀ, (ਬਠਿੰਡਾ), 23 ਜਨਵਰੀ (ਤਰਸੇਮ ਸਿੰਗਲਾ)- ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਰਾਮਸਰਾ ਗੇਟ ਨੇੜੇ ਇਕ ਰਿਹਾਇਸ਼ੀ ਕਮਰੇ ਵਿਚ ਸ਼ਰਾਬ ਦੇ ਨਸ਼ੇ ਵਿਚ ਹੋਈ ਆਪਸੀ ਤਕਰਾਰ ਦੇ ਚੱਲਦਿਆਂ ਦੇਰ ਰਾਤ ਇਕ ਵਿਅਕਤੀ ਦਾ ਸਿਰ ’ਚ ਇੱਟ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਤਲ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੇਖਾ ਰੋਡ ਰੰਗੀਆਂ ਜ਼ਿਲ੍ਹਾ ਬਰਨਾਲਾ ਰਿਫ਼ਾਇਨਰੀ ਨੇੜੇ ਟਰੱਕ ਡਰਾਈਵਰੀ ਕਰਦਾ ਸੀ। ਬੀਤੇ ਦਿਨ ਉਸ ਦੀ ਮੁਲਾਕਾਤ ਮਲਕੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਬਘੇਰ ਚੜਤ ਸਿੰਘ ਨਾਲ ਹੋਈ। ਜਗਤਾਰ ਸਿੰਘ ਉਸ ਨੂੰ ਆਪਣੇ ਰਿਹਾਇਸ਼ੀ ਕਮਰੇ ਵਿਚ ਲੈ ਗਿਆ। ਦੋਵੇਂ ਮਿਲਕੇ ਦੇਰ ਰਾਤ ਤੱਕ ਸ਼ਰਾਬ ਪੀਂਦੇ ਰਹੇ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਤਕਰਾਰ ਹੋ ਗਈ, ਜਿਸ ਦੇ ਚੱਲਦੇ ਜਗਤਾਰ ਸਿੰਘ ਨੇ ਮਲਕੀਤ ਸਿੰਘ ਦੇ ਸਿਰ ਵਿਚ ਇੱਟ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਟਿਕਾਣੇ ਲਗਾਉਣ ਲਈ ਜਗਤਾਰ ਸਿੰਘ ਨੇ ਘੜੀਸ ਕੇ ਕੁਝ ਦੂਰ ਸੁੱਟ ਦਿੱਤੀ। ਰਾਮਾਂ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋਸ਼ੀ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਸੀ।