ਖਮਾਣੋ : ਗੈਸ ਦੁਰਘਟਨਾ ਦੇ ਆਖਰੀ 2 ਜ਼ਖ਼ਮੀਆਂ ਦੀ ਵੀ ਹੋਈ ਮੌਤ
ਖਮਾਣੋ (ਫਤਿਹਗੜ੍ਹ ਸਾਹਿਬ), 1 ਦਸੰਬਰ (ਮਨਮੋਹਣ ਸਿੰਘ ਕਲੇਰ)-ਪਿਛਲੇ ਦਿਨੀਂ ਪਿੰਡ ਮੁਸਤਾਫਾਬਾਦ ਵਿਖੇ ਗੈਸ ਦੁਰਘਟਨਾ ਦੌਰਾਨ ਜ਼ਖਮੀ ਹੋਏ ਛੇ ਵਿਅਕਤੀਆਂ ਵਿਚੋਂ ਰਹਿੰਦੇ ਦੋ ਦੀ ਮੌਤ ਹੋਣ ਕਾਰਨ ਹੁਣ ਇਸ ਹਾਦਸੇ ਵਿਚ ਸਾਰੇ ਜ਼ਖ਼ਮੀਆਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਪਹਿਲਾਂ ਹੀ ਚਾਰ ਜ਼ਖ਼ਮੀਆਂ ਦੀ ਵੱਖ-ਵੱਖ ਦਿਨਾਂ ਵਿਚ ਮੌਤ ਹੋ ਚੁੱਕੀ ਹੈ। ਜਦੋਂਕਿ ਹੁਣ ਪਿਛਲੇ ਦਿਨੀਂ ਹਰਜਿੰਦਰ ਕੌਰ ਅਤੇ ਵਿਸਾਖਾ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਪੁਲਿਸ ਮੁਤਾਬਕ ਦੂਜੇ ਸਿਲੰਡਰ ਵਿਚੋਂ ਰਹਿੰਦੀ ਗੈਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਨੇੜੇ ਭੱਠੀ ਚਲਦੀ ਹੋਣ ਕਾਰਨ ਧਮਾਕਾ ਹੋ ਗਿਆ, ਜਿਸ ਦੌਰਾਨ ਚਾਰ ਔਰਤਾਂ ਅਤੇ ਦੋ ਮਰਦ ਜ਼ਖਮੀ ਹੋਏ ਸਨ।