JALANDHAR WEATHER

02-12-2024

 ਵਧਦਾ ਹਵਾ ਪ੍ਰਦੂਸ਼ਣ
ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਲੈਵਲ ਇਕ ਵਾਰ ਫਿਰ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਧੁਆਂਖ (ਸਮੋਗ) ਦੀ ਲਹਿਰ ਫੈਲ ਰਹੀ ਹੈ, ਜਿਸ ਕਾਰਨ ਸਾਹ ਦੇ ਰੋਗੀਆਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਅੱਖਾਂ, ਸਾਹ ਤੇ ਫੇਫੜਿਆਂ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਖਾਂ 'ਚ ਜਲਣ ਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕ ਜ਼ਿਆਦਾ ਗੰਭੀਰ ਹਾਲਤ ਵਿਚ ਹਨ। ਆਮ ਏਅਰ ਕੁਆਲਟੀ ਇੰਡੈਕਸ 0 ਤੋਂ 50 ਦੇ ਵਿਚਕਾਰ ਹੋਣਾ ਚਾਹੀਦਾ ਹੈ, ਜੋ ਹੁਣ 200-250 ਤੱਕ ਵੱਧ ਦੇ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਚੁੱਕਾ ਹੈ। ਲਿਹਾਜ਼ਾਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਵੱਧਦਾ ਪ੍ਰਦੂਸ਼ਣ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਸਮੋਗ ਤੋਂ ਬਚਣ ਲਈ ਸਰੀਰਕ ਕਿਰਿਆਵਾਂ ਜਿਵੇਂ ਦੌੜਨਾ, ਸਾਈਕਲ ਚਲਾਉਣਾ ਤੇ ਸੈਰ ਕਰਨਾ ਸੀਮਿਤ ਕਰੋ। ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ।

-ਗੌਰਵ ਮੁੰਜਾਲ ਪੀ.ਸੀ.ਐਸ.

ਭਗਤ ਧੰਨਾ ਜੀ ਸੰਬੰਧੀ ਬਿਰਤਾਂਤ ਦਾ ਸੱਚ
ਪਿਛਲੇ ਦਿਨੀ ਧਰਮ ਅਤੇ ਵਿਰਸਾ ਅੰਕ 'ਚ ਨੌਜਵਾਨ ਲੇਖਕ ਰਾਬਿੰਦਰ ਸਿੰਘ ਰੱਬੀ ਮੋਰਿੰਡਾ ਦਾ ਲੇਖ 'ਭਗਤ ਧੰਨਾ ਜੀ ਸੰਬੰਧੀ ਬਿਰਤਾਂਤ ਦਾ ਸੱਚ' ਪੜ੍ਹਿਆ, ਜਿਸ 'ਚ ਲੇਖਕ ਨੇ ਭਗਤ ਧੰਨਾ ਜੀ ਦੀ ਪ੍ਰਭੂ ਭਗਤੀ ਦੀ ਲਗਨ ਨੂੰ ਬੜੇ ਹੀ ਭਾਵ ਪੂਰਨ ਤਰੀਕੇ ਨਾਲ ਪੇਸ਼ ਕੀਤਾ ਹੈ, ਲੇਖਕ ਨੇ ਇਤਿਹਾਸ ਤੇ ਗੁਰਮਤਿ ਦੀਆਂ ਉਦਾਹਰਣਾਂ ਦੇ ਕੇ ਭਗਤ ਧੰਨਾ ਜੀ ਦਾ ਸੱਚੀ ਪ੍ਰਭੂ ਭਗਤੀ 'ਚ ਲੀਨ ਹੋਣ, ਉਨ੍ਹਾਂ ਦੀ ਪਰਮਾਤਮਾ ਨੂੰ ਪਾਉਣ ਦੀ ਦ੍ਰਿੜ ਇੱਛਾ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਣ ਦਾ ਯਤਨ ਕੀਤਾ ਕਿ ਉਹ ਪੱਥਰ ਪੂਜਕ ਨਹੀਂ ਸਗੋਂ ਨਿਰਾਕਾਰ ਪਰਮਾਤਮਾ ਦੇ ਉਪਾਸ਼ਕ ਸਨ। ਜੋ ਧਰਤੀ ਦੇ ਕਣ-ਕਣ 'ਚ ਵੱਸਦਾ ਹੈ ਤੇ ਉਸ ਨੂੰ ਅਸੀਂ ਆਪਣੀ ਸੱਚੀ ਲਗਨ ਤੇ ਪ੍ਰਭੂ ਭਗਤੀ ਨਾਲ ਪ੍ਰਾਪਤ ਕਰ ਸਕਦੇ ਹਾਂ।

-ਰਣਜੀਤ ਸਿੰਘ ਰਿਆ
ਲੈਕਚਰਾਰ ਇਤਿਹਾਸ

ਨਿੱਜੀ ਮੈਂਬਰ ਬਿੱਲ ਸ਼ਲਾਘਾਯੋਗ
ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਪੰਜਾਬ ਵਧਾਈ ਦੀ ਪਾਤਰ ਹੈ ਜਿਸ 'ਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਨਿੱਜੀ ਮੈਂਬਰ ਬਿਲ ਪੇਸ਼ ਕੀਤਾ ਹੈ। ਹਰਸਿਮਰਤ ਕੌਰ ਬਾਦਲ ਇਕ ਹੋਰ ਬਿੱਲ ਪੇਸ਼ ਕਰਨ ਜਿਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਜਾਵੇ ਕਿ ਜਦੋਂ ਉਹ ਲੋਕ ਸੱਤਾ, ਵਿਧਾਨ ਸਭਾਵਾਂ ਤੇ ਮਿਊਂਸੀਪਲ ਕਮੇਟੀਆਂ ਦੀਆਂ ਸੀਟਾਂ 'ਤੇ ਆਪਣੀ ਪਾਰਟੀ ਦੀਆਂ ਟਿਕਟਾ ਅਲਾਟ ਕਰਦੀਆਂ ਹਨ ਤਾਂ ਉਸ ਵਿਚ ਘੱਟ ਗਿਣਤੀ ਭਾਈਚਾਰਿਆਂ (ਕ੍ਰਿਸਚੀਅਨ, ਮੁਸਲਮਾਨ ਤੇ ਸਿੱਖਾਂ) ਨੂੰ ਘੱਟੋ ਘੱਟ 15 ਫ਼ੀਸਦੀ ਨੁਮਾਇੰਦਗੀ ਜ਼ਰੂਰ ਦੇਣ।

-ਨਰਿੰਦਰ ਸਿੰਘ
3081-ਏ, ਸੈਕਟਰ 20 ਡੀ, ਚੰਡੀਗੜ।

ਕੈਂਸਰ ਪੀੜਤਾਂ ਦੀ ਮਦਦ
ਪਿਛਲੇ ਦਿਨੀਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਸੰਤੁਲਿਤ ਖੁਰਾਕ ਤੇ ਜੀਵਨ ਸ਼ੈਲੀ ਵਿਚ ਬਦਲਾਅ ਕਰਕੇ ਕੇਵਲ 40 ਦਿਨਾਂ ਦੌਰਾਨ ਸਟੇਜ-4 ਦੇ ਕੈਂਸਰ 'ਤੇ ਕਾਬੂ ਪਾਇਆ।
ਉਨ੍ਹਾਂ ਨੇ ਕੈਂਸਰ ਦਾ ਸਹੀ ਡਾਕਟਰੀ ਇਲਾਜ ਕਰਵਾਉਣ ਦੇ ਨਾਲ-ਨਾਲ ਖੁਰਾਕ ਵਿਚ ਹਲਦੀ, ਨਿੰਮ ਦਾ ਪਾਣੀ, ਸੇਬ ਦਾ ਸਿਰਕਾ, ਨਿੰਬੂ ਪਾਣੀ, ਚੁਕੰਦਰ, ਗਾਜਰ ਅਤੇ ਪੇਠੇ ਦਾ ਜੂਸ ਆਦਿ ਦੇ ਲਾਭ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸੰਬੰਧੀ ਡਾਕਟਰਾਂ ਅਤੇ ਬੁੱਧੀਜੀਵੀਆਂ ਦੇ ਉਪਯੋਗੀ ਇੰਟਰਵਿਊ ਜਿੱਥੇ ਸਾਕਾਰਾਤਮਿਕ ਭੂਮਿਕਾ ਨਿਭਾਅ ਸਕਦੇ ਹਨ, ਉੱਥੇ ਨਾਲ ਹੀ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਕੈਂਸਰ ਸਰਵਾਈਵਰਾਂ ਦੇ ਤਜਰਬੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ।
ਪ੍ਰਸਿੱਧ ਸਖ਼ਸੀਅਤ ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ, ਲੀਜ਼ਾ ਰੇਅ, ਸੋਨਾਲੀ ਬੇਂਦਰੇ, ਮਹਿਮਾ ਚੌਧਰੀ, ਮਨੀਸ਼ਾ ਕੋਇਰਾਲਾ ਤੇ ਹਿਨਾ ਖਾਨ ਤੋਂ ਇਲਾਵਾ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ, ਸੁਜ਼ੈਨ ਸੋਮਰਜ਼, ਸਿਨਥੀਆ ਨਿਜਸਨ, ਮੈਲੀਸਾ ਅਥਰਿਜ਼, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫਿਲਮਾਂ, ਇੰਟਰਵਿਊ ਅਤੇ ਡਾਕੂਮੈਂਟਰੀਆਂ ਦੁਆਰਾ ਮੀਡੀਆ ਦਾ ਸਦਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣ ਕੇ ਇਕ ਮਿਸਾਲ ਕਾਇਮ ਕੀਤੀ।

-ਹਰਗੁਣਪ੍ਰੀਤ ਸਿੰਘ
ਪਟਿਆਲਾ।

'ਆਪ' ਲਈ ਇਕ ਹੋਰ ਮੌਕਾ
ਪੰਜਾਬ ਅੰਦਰ ਹੋਈਆਂ ਤਾਜ਼ਾ ਜ਼ਿਮਨੀ ਚੋਣਾਂ ਦੌਰਾਨ 3 ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਸਫ਼ਲਤਾ ਦੇ ਕਾਰਨਾਂ ਨੂੰ ਵਿਚਾਰਦਿਆਂ ਆਗਾਮੀ ਸਮੇਂ 'ਚ ਸੱਤਾ 'ਤੇ ਪਕੜ ਬਣਾਈ ਰੱਖਣ ਲਈ ਸੂਬਾ ਸਰਕਾਰ ਨੂੰ ਆਪਣੀਆਂ ਨੀਤੀਆਂ ਦੀ ਪੜਚੋਲ ਕਰਨ ਦਾ ਮਸ਼ਵਰਾ ਦੇਣ ਵਾਲਾ ਹੈ।
2024 ਦੀਆਂ ਲੋਕ ਸਭਾ ਚੋਣਾਂ 'ਚ 'ਆਪ' ਨੂੰ ਮਿਲੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ 'ਚ 3 ਸੀਟਾਂ 'ਤੇ ਮਿਲੀ ਜਿੱਤ ਨੂੰ ਭਾਵੇਂ 'ਆਪ' ਦੀ ਸੂਬਾ ਸਰਕਾਰ ਲਈ ਚੰਗਾ ਆਖਿਆ ਜਾ ਸਕਦਾ ਹੈ, ਸੱਤਾਧਾਰੀ 'ਆਪ' ਨੂੰ ਸ਼੍ਰੋਮਣੀ ਅਕਾਲੀ ਦਲ ਦੀ ਗੈਰ ਹਾਜ਼ਰੀ ਦਾ ਲਾਭ ਮਿਲਿਆ ਹੈ।
ਸੂਬਾ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ 'ਚ ਬੇਰੁਜ਼ਗਾਰੀ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ, ਉਥੇ ਸਰਕਾਰੀ ਹਸਪਤਾਲਾਂ 'ਚ ਡਾਕਟਰੀ ਅਮਲੇ ਦੀ ਲਗਾਤਾਰ ਚੱਲੀ ਆ ਰਹੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਹੋਰ ਤਾਂ ਹੋਰ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਸਿਵਲ ਹਸਪਤਾਲ 'ਚ ਹੀ ਡਾਕਟਰੀ ਅਮਲੇ ਦੀ ਘਾਟ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ।
ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ, ਸੂਬੇ 'ਚੋਂ ਉਦਯੋਗ ਲਗਾਤਾਰ ਖਿਸਕ ਕੇ ਦੂਜੇ ਸੂਬਿਆਂ ਵੱਲ ਜਾਣ ਦੇ ਨਾਲ-ਨਾਲ ਅਮਨ ਕਾਨੂੰਨ ਦੀ ਸਥਿਤੀ ਵੀ ਸਰਕਾਰ ਦੇ ਵੱਸ ਤੋਂ ਬਾਹਰ ਹੋ ਰਹੀ ਹੈ।

-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)