ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ
ਗੁਰੂਹਰਸਹਾਏ (ਫਿਰੋਜ਼ਪੁਰ), 28 ਨਵੰਬਰ (ਹਰਚਰਨ ਸਿੰਘ ਸੰਧੂ)-ਹਲਕਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਿਲਬਾਗ ਸਿੰਘ ਬਿੱਟੂ ਪੁੱਤਰ ਸ਼ੋਭਾ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ, ਜਿਸ ਵਲੋਂ ਅੱਜ ਦੁਪਹਿਰ ਸਮੇਂ ਆਪਣੇ ਖੇਤ ਅੰਦਰ ਚਿੱਟੇ ਦਾ ਟੀਕਾ ਲਗਾ ਲਿਆ ਗਿਆ, ਜੋ ਕਿ ਜਾਨਲੇਵਾ ਸਾਬਤ ਹੋਇਆ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦਿਲਬਾਗ ਸਿੰਘ ਚਾਰ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਤਿੰਨ ਮਹੀਨੇ ਬਾਅਦ ਆਪਣੇ ਘਰ ਪਰਤਿਆ ਸੀ, ਜਿਸ ਦੀ ਅੱਜ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।