ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁਕਾਬਲਾ : ਲੱਤ 'ਚ ਗੋਲੀ ਲੱਗਣ ਕਾਰਨ ਇਕ ਲੁਟੇਰਾ ਜ਼ਖਮੀ, ਦੂਜਾ ਫਰਾਰ
ਹਰੀਕੇ ਪੱਤਣ (ਤਰਨਤਾਰਨ), 28 ਨਵੰਬਰ (ਸੰਜੀਵ ਕੁੰਦਰਾ)-ਜ਼ਿਲ੍ਹਾ ਤਰਨਤਾਰਨ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਜਿੰਦਾਵਲਾ ਵਿਖੇ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁਕਾਬਲੇ ਦੌਰਾਨ ਇਕ ਲੁਟੇਰਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਦਕਿ ਦੂਸਰਾ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮਾਰੂਤੀ ਜ਼ੈੱਨ ਕਾਰ ਉਤੇ ਸਵਾਰ ਦੋ ਲੁਟੇਰਿਆਂ ਨੇ ਪਿੰਡ ਜੌਣੇਕੇ ਨਜ਼ਦੀਕ ਕਾਰ ਸਵਾਰ ਕੋਲੋਂ ਪਿਸਤੌਲ ਦੀ ਨੋਕ ਉਤੇ 10 ਹਜ਼ਾਰ ਰੁਪਏ ਨਕਦੀ ਖੋਹੀ ਤੇ ਫਰਾਰ ਹੋ ਗਏ। ਹਰੀਕੇ ਪੁਲਿਸ ਨੂੰ ਸੂਚਨਾ ਮਿਲਣ ਉਤੇ ਪੁਲਿਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਲੁਟੇਰੇ ਆਪਣੀ ਕਾਰ ਛੱਡ ਕੇ ਜਿੰਦਾਵਾਲਾ ਨਜ਼ਦੀਕ ਨਾਖਾਂ ਦੇ ਬਾਗ਼ ਵਿਚ ਵੜ ਗਏ, ਜਿਸ ਦੌਰਾਨ ਲੁਟੇਰਿਆਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਇਕ ਲੁਟੇਰਾ ਅੰਗਰੇਜ਼ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਦੀਨੇਵਾਲ ਥਾਣਾ ਗੋਇੰਦਵਾਲ ਸਾਹਿਬ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਦਕਿ ਦੂਸਰਾ ਲੁਟੇਰਾ ਗੁਰਭੇਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧਾਰੜ ਜ਼ਿਲ੍ਹਾ ਅੰਮ੍ਰਿਤਸਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਪੰਜਾਬ ਹੋਮਗਾਰਡ ਦਾ ਜਵਾਨ ਗੁਰਚਰਨ ਸਿੰਘ ਵਾਲ- ਵਾਲ ਬਚ ਗਿਆ, ਜਿਸ ਦੀ ਪੱਗ ਵਿਚ ਗੋਲੀ ਲੱਗ ਕੇ ਅੱਗੇ ਲੰਘ ਗਈ।