ਭਾਰਤੀ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਦਾ ਅਪਰਾਧਿਕ ਗਤੀਵਿਧੀਆਂ ’ਚ ਨਹੀਂ ਹੈ ਕੋਈ ਹੱਥ - ਕੈਨੇਡਾ ਸਰਕਾਰ
ਓਟਾਵਾ, 22 ਨਵੰਬਰ- ਹਰਦੀਪ ਨਿੱਝਰ ਦੀ ਮੌਤ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਇਸ ਪੂਰੇ ਮਾਮਲੇ ’ਤੇ ਅੱਜ ਕੈਨੇਡਾ ਵਲੋਂ ਅਹਿਮ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕੈਨੇਡਾ ਨੇ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਕੈਨੇਡਾ ਵਿਚ ਕਿਸੇ ਗੰਭੀਰ ਅਪਰਾਧਿਕ ਗਤੀਵਿਧੀ ਨਾਲ ਜੋੜਨ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਕੈਨੇਡਾ ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 14 ਅਕਤੂਬਰ ਨੂੰ, ਕੈਨੇਡਾ ਵਿਚ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਅਤੇ ਅਧਿਕਾਰੀਆਂ ਨੇ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਵਿਚ ਕਥਿਤ ਤੌਰ ’ਤੇ ਕੀਤੇ ਗਏ ਅਪਰਾਧਾਂ ਨੂੰ ਜਨਤਕ ਕੀਤਾ ਪਰ ਕੈਨੇਡੀਅਨ ਸਰਕਾਰ ਨੇ ਕਦੇ ਇਹ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਜਾਂ ਐਨ.ਐਸ.ਏ. ਡੋਭਾਲ ਇਨ੍ਹਾਂ ਅਪਰਾਧਾਂ ਵਿਚ ਸ਼ਾਮਿਲ ਸਨ। ਅਜਿਹਾ ਕੋਈ ਵੀ ਦੋਸ਼ ਗਲਤ ਅਤੇ ਬੇਬੁਨਿਆਦ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਕੋਲ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਜਾਂ ਐਨ.ਐਸ.ਏ. ਅਜੀਤ ਡੋਭਾਲ ਦੇ ਕੈਨੇਡਾ ਅੰਦਰ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਿਲ ਹੋਣ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਹੈ। ਟਰੂਡੋ ਸਰਕਾਰ ਦਾ ਇਹ ਸਪੱਸ਼ਟੀਕਰਨ ਕੈਨੇਡਾ ਦੇ ਇਕ ਅਖਬਾਰ ਵਿਚ ਛਪੀ ਇਕ ਰਿਪੋਰਟ ਦੇ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਨਿੱਝਰ ਦੇ ਕਤਲ ਦੀ ਕਥਿਤ ਸਾਜ਼ਿਸ਼ ਭਾਰਤ ਦੇ ਚੋਟੀ ਦੇ ਆਗੂਆਂ ਨੇ ਰਚੀ ਸੀ।