ਭੁੱਕੀ ਅਤੇ ਨਜਾਇਜ਼ ਹਥਿਆਰਾਂ ਸਮੇਤ 2 ਤਸਕਰ ਕਾਬੂ
ਜਲੰਧਰ, 21 ਨਵੰਬਰ- ਅੰਤਰਰਾਜੀ ਡਰੱਗ ਰੈਕੇਟ ਖਿਲਾਫ਼ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਭੁੱਕੀ ਸਮੇਤ ਦੋ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਦੋ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 140 ਕਿਲੋ ਭੁੱਕੀ ਅਤੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਇਸ ਤੋਂ ਪਹਿਲਾਂ ਤਿੰਨ ਮੁਲਜ਼ਮਾਂ ਨੂੰ ਭੁੱਕੀ ਸਮੇਤ ਕਾਬੂ ਕੀਤਾ ਸੀ। ਇਸ ਦੌਰਾਨ ਗੁਰਅਵਤਾਰ ਸਿੰਘ ਉਰਫ਼ ਤਾਰੀ, ਦੇਸ ਰਾਜ ਅਤੇ ਦਲੇਰ ਸਿੰਘ ਉਰਫ਼ ਦਲੋਰਾ ਕੋਲੋਂ 14 ਕੁਇੰਟਲ ਭੁੱਕੀ ਬਰਾਮਦ ਹੋਈ ਹੈ। ਉਨ੍ਹ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਮੁਕੱਦਮਾ ਨੰਬਰ 226 ਮਿਤੀ 15.11.2024 15/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਹੈ। ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਅੱਜ ਤਫ਼ਤੀਸ਼ ਦੌਰਾਨ ਦੋ ਹੋਰ ਮੁਲਜ਼ਮਾਂ ਜੋਗਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸ਼ਹਿਰ ਮੁਹੱਲਾ ਮਹਿਤਪੁਰ ਜਲੰਧਰ ਅਤੇ ਉਸ ਦੇ ਸਾਥੀ ਲੱਕੀ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮੰਡ ਚੌਂਤਾ ਪੁੰਜ ਕੂੰਮ ਕਲਾਂ ਲੁਧਿਆਣਾ ਦੀ ਪਛਾਣ ਹੋਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ 1 ਕੁਇੰਟਲ 40 ਕਿਲੋ ਭੁੱਕੀ ਅਤੇ ਇਕ ਦੇਸੀ ਪਿਸਤੌਲ 1 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 15 ਕੁਇੰਟਲ ਅਤੇ 40 ਕਿਲੋ ਭੁੱਕੀ, 2 ਗੱਡੀਆਂ, ਇਕ ਦੇਸੀ ਪਿਸਤੌਲ ਅਤੇ ਇਕ ਜਿੰਦਾ ਰੌਂਦ ਬਰਾਮਦ ਕੀਤਾ ਹੈ।