ਵੋਟਾਂ ਹੋਰਨਾਂ ਵਾਰਡਾਂ 'ਚ ਪਾਉਣ ਤੋਂ ਭੜਕੇ ਪਿੰਡ ਨਮੋਲ ਵਾਸੀਆਂ ਨੇ ਕੀਤਾ ਚੱਕਾ ਜਾਮ
ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ, 10 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਪੰਚਾਇਤੀ ਚੋਣਾਂ ਦੌਰਾਨ ਕਰੀਬ ਤਿੰਨ ਦਰਜਨ ਵੋਟਰਾਂ ਦਾ ਅਚਨਚੇਤ ਵਾਰਡ ਬਦਲਣ ਦੇ ਵਿਰੋਧ ਵਿਚ ਨੇੜਲੇ ਪਿੰਡ ਨਮੋਲ ਦੇ ਵਾਰਡ ਨੰਬਰ-2 ਦੇ ਵਾਸੀਆਂ ਵਲੋਂ ਬਲਜੀਤ ਸਿੰਘ ਨਮੋਲ ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ. ਚੌਕ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ, ਕੇਵਲ ਸਿੰਘ, ਮੱਖਣ ਸਿੰਘ, ਮੇਵਾ ਸਿੰਘ, ਸੰਦੀਪ ਸਿੰਘ, ਸੁੱਖਾ ਸਿੰਘ ਆਦਿ ਨੇ ਕਿਹਾ ਕਿ ਉਹ ਪਿੰਡ ਨਮੋਲ ਦੇ ਵਾਰਡ ਨੰਬਰ-2 'ਚ ਰਹਿੰਦੇ ਹਨ ਅਤੇ ਹਰ ਵਾਰ ਪੰਚਾਇਤੀ ਚੋਣਾਂ ਦੌਰਾਨ ਆਪਣੀ ਵੋਟ ਵਾਰਡ ਨੰਬਰ-2 ਵਿਚ ਹੀ ਪਾਉਂਦੇ ਹਨ ਪਰ ਇਸ ਵਾਰ ਕਿਸੇ ਸਿਆਸੀ ਦਬਾਅ ਕਾਰਨ ਵਾਰਡ ਨੰਬਰ-2 ਦੇ ਕਰੀਬ ਚਾਰ ਦਰਜਨ ਵੋਟਰਾਂ ਦੀਆਂ ਵੋਟਾਂ ਬਿਨਾਂ ਕਿਸੇ ਦੀ ਸਹਿਮਤੀ ਲਏ ਨਮੋਲ ਪਿੰਡ ਦੇ ਹੀ ਵਾਰਡ ਨੰਬਰ 3, 5, 7 ਅਤੇ 9 ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਕਰੀਬ ਇਕ ਹਫਤੇ ਤੋਂ ਤਹਿਸੀਲਦਾਰ, ਬੀ. ਡੀ. ਪੀ. ਓ. ਅਤੇ ਪੰਚਾਇਤ ਸਕੱਤਰ ਕੋਲ ਗੇੜੇ ਮਾਰ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਜਾਇਜ਼ ਗੱਲ ਵੀ ਸੁਣਨ ਲਈ ਤਿਆਰ ਨਹੀਂ। ਜਦੋਂਕਿ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵੀ ਸਖਤ ਹਦਾਇਤਾਂ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਵੋਟਾਂ ਮੁੜ ਵਾਰਡ ਨੰਬਰ-2 ਵਿਚ ਨਾ ਕੀਤੀਆਂ ਗਈਆਂ ਤਾਂ ਉਹ ਇਸ ਵਾਰਡ ਵਿਚ ਪੋਲਿੰਗ ਨਹੀਂ ਹੋਣ ਦੇਣਗੇ।