ਪਿੰਡ ਵਾਸੀ ਰਹੇ ਕਲਪਦੇ ਪਰ ਸੰਬੰਧਿਤ ਅਫ਼ਸਰ ਨੇ ਨਹੀਂ ਖੋਲ੍ਹਿਆ ਦਰਵਾਜ਼ਾ
ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਜੀ. ਐੱਸ. ਚੌਹਾਨ)-ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਮਾਛੀਵਾੜਾ ਸਾਹਿਬ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਉਸ ਸਮੇਂ ਹੰਗਾਮਾ ਹੁੰਦਾ ਨਜ਼ਰ ਆਇਆ ਜਦੋਂ ਕਿਸੇ ਉਮੀਦਵਾਰ ਪ੍ਰਤੀ ਇਤਰਾਜ਼ ਲੈਣ ਵਾਲੇ ਸੰਬੰਧਿਤ ਅਫਸਰ ਵਲੋਂ ਇਤਰਾਜ਼ ਦਾਖ਼ਲ ਕਰਵਾਉਣ ਆਏ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆਂ ਬਲਾਕ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਜਾਤੀਵਾਲ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਜਾਤੀਵਾਲ ਦੇ ਕੁਝ ਉਮੀਦਵਾਰਾਂ ਦੇ ਇਤਰਾਜ਼ ਦਾਖਲ ਕਰਵਾਉਣ ਲਈ ਸੰਬੰਧਿਤ ਅਫਸਰ ਨੂੰ ਪਹਿਲਾਂ ਪੌਣੇ ਤਿੰਨ ਵਜੇ ਮਿਲੇ ਪਰ ਉਨ੍ਹਾਂ ਕਿਹਾ ਕਿ ਅਜੇ ਅਸੀਂ ਕੰਮ 'ਚ ਵਿਅਸਤ ਹਾਂ, ਬਾਅਦ 'ਚ ਲੈ ਕੇ ਆਈਓ ਤਾਂ ਫਿਰ ਅਸੀਂ ਕਰੀਬ 3 ਵਜੇ ਇਤਰਾਜ਼ ਦਾਖਲ ਕਰਵਾਉਣ ਲਈ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਨੂੰ ਮਿਲੋ, ਅਸੀਂ ਐਨ.ਓ.ਸੀ. ਫਾਰਮ ਕੱਟ ਚੁੱਕੇ ਹਾਂ, ਕੈਂਸਲ ਨਹੀਂ ਕਰ ਸਕਦੇ ਤਾਂ ਕੁਲਦੀਪ ਨੇ ਕਿਹਾ ਕਿ ਤੁਸੀਂ ਸਾਡੇ ਇਤਰਾਜ਼ ਰੱਖ ਲਓ। ਅਸੀਂ ਬੀ.ਡੀ.ਪੀ.ਓ. ਨੂੰ ਮਿਲ ਲੈਂਦੇ ਹਾਂ ਕਿਉਂਕਿ ਇਤਰਾਜ਼ ਲੈਣ ਦਾ ਟਾਈਮ ਖਤਮ ਹੋ ਰਿਹਾ ਸੀ ਤਾਂ ਉਨ੍ਹਾਂ ਕਿਹਾ ਕਿ ਸੰਬੰਧਿਤ ਅਫਸਰ ਵਲੋਂ ਸਾਨੂੰ ਬੇਇੱਜ਼ਤ ਕਰਕੇ ਦਫਤਰੋਂ ਬਾਹਰ ਕੱਢਿਆ ਗਿਆ ਤੇ ਫਿਰ ਦਰਵਾਜ਼ਾ ਬੰਦ ਕਰ ਲਿਆ। ਇਸ ਮਾਮਲੇ ਬਾਰੇ ਜਦੋਂ ਉਨ੍ਹਾਂ ਪੱਤਰਕਾਰਾਂ ਨੂੰ ਬੁਲਾ ਕੇ ਆਪਣੀ ਗੱਲਬਾਤ ਦੱਸੀ ਤਾਂ ਪੱਤਰਕਾਰ ਦੇ ਦਰਵਾਜ਼ਾ ਖੁੱਲ੍ਹਵਾਉਣ ਉਤੇ ਵੀ ਉਨ੍ਹਾਂ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਮੌਕੇ ਕੁਝ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸਾਡੇ ਡੁਪਲੀਕੇਟ ਸਾਈਨ ਕਰਕੇ ਕੁਝ ਉਮੀਦਵਾਰਾਂ ਵਲੋਂ ਫਾਰਮ ਤਿਆਰ ਕੀਤੇ ਗਏ ਹਨ ਪਰ ਸਾਡੀ ਨਾ ਕੋਈ ਸੁਣਵਾਈ ਹੋ ਰਹੀ ਹੈ ਅਤੇ ਨਾ ਸਾਡਾ ਕੋਈ ਇਤਰਾਜ਼ ਜਮ੍ਹਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਤਰਾਜ਼ ਦਾਖਲ ਕਰਵਾਉਣ ਵਾਲਿਆਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਖਬਰ ਲਿਖੇ ਜਾਣ ਤੱਕ ਵੀ ਉਨ੍ਹਾਂ ਦੇ ਇਤਰਾਜ਼ ਦਫਤਰ ਦਾਖਲ ਨਹੀਂ ਕੀਤੇ ਗਏ ਸਨ।