ਪਿੰਡ ਦੇ ਸ਼ਮਸਾਨ ਘਾਟ ’ਚ ਹੈਰੋਇਨ ਪੀਂਦਿਆਂ ਦੀ ਵਾਇਰਲ ਵੀਡੀਓ ਨਾਲ ਮੱਚਿਆ ਹੜਕੰਪ
ਪੱਟੀ, (ਤਰਨਤਾਰਨ), 10 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ/ ਅਵਤਾਰ ਸਿੰਘ ਖਹਿਰਾ)- ਪੁਲਿਸ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਲਹੁੱਕਾ ਦੇ ਸ਼ਮਸ਼ਾਨਘਾਟ ਵਿਖੇ ਕੁਝ ਨੌਜਵਾਨਾਂ ਵਲੋਂ ਨਸ਼ਾ ਕਰਦਿਆਂ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਹੜਕੰਪ ਮੱਚ ਗਿਆ ਹੈ। ਇਸ ਵੀਡੀਓ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤੀ ਦੀ ਪੋਲ ਖੋਲ ਦਿੱਤੀ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੱਟੀ ਪੁਲਿਸ ਵਲੋਂ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦ ਪੁਲਿਸ ਚੌਕੀ ਕੈਰੋ ਦੇ ਇੰਚਾਰਜ ਥਾਣੇਦਾਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਹੁੱਕਾ ਦੇ ਸ਼ਮਸ਼ਾਨਘਾਟ ਵਿਖੇ ਕੁੱਝ ਨੌਜਵਾਨ ਨਸ਼ਾ ਕਰ ਰਹੇ ਸਨ, ਜਿਸ ਸੰਬੰਧੀ ਕੰਵਲਪ੍ਰੀਤ ਸਿੰਘ ਮੰਡ ਡੀ. ਐਸ. ਪੀ. ਸਬ ਡਵੀਜਨ ਪੱਟੀ ਦੀਆਂ ਹਦਾਇਤਾਂ ’ਤੇ ਨਸ਼ਾ ਕਰ ਰਹੇ ਨੌਜਵਾਨਾਂ ਦੀ ਸ਼ਨਾਖਤ ਕਰਕੇ ਛਾਪੇਮਾਰੀ ਕੀਤੀ ਗਈ ਹੈ ਪਰ ਉਹ ਸਾਰੇ ਘਰ੍ਹਾਂ ਚੋਂ ਫਰਾਰ ਹਨ ਤੇ ਜਲਦ ਹੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵਗੀ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ. ਕੰਵਲਪ੍ਰੀਤ ਸਿੰਘ ਮੰਡ ਨੇ ਕਿਹਾ ਕੇ ਉਕਤ ਵਿਅਕਤੀਆਂ ਦੀ ਸ਼ਨਾਖਤ ਹੋ ਚੁੱਕੀ ਹੈ, ਜਲਦ ਹੀ ਦੋਸ਼ੀਆਂ ਤੋਂ ਰਿਕਵਰੀ ਕਰਕੇ ਮੁਕਦਮਾ ਦਰਜ ਕਰ ਦਿੱਤਾ ਜਾਵੇਗਾ ਅਤੇ ਜੋ ਨਸ਼ਾ ਕਰਨ ਦੇ ਆਦੀ ਹਨ, ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਦਾਖ਼ਲ ਕਰਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਸੰਬੰਧੀ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਨਸ਼ੇ ਦੇ ਕੰਮ ਵਿੱਚ ਲਿਪਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇ।