ਭੁਲੱਥ-ਭੋਗਪੁਰ ਸੜਕ ’ਤੇ ਚੌਂਕ ਬਜਾਜ ਵਿਖੇ ਕਿਸਾਨਾਂ ਵਲੋਂ ਧਰਨਾ
ਭੁਲੱਥ, (ਕਪੂਰਥਲਾ), 11 ਨਵੰਬਰ (ਮਨਜੀਤ ਸਿੰਘ ਰਤਨ) - ਸਬ ਡਵੀਜ਼ਨ ਕਸਬਾ ਭੁਲੱਥ ਅਧੀਨ ਪੈਂਦੀ ਮੰਡੀ ਚੌਂਕ ਬਜਾਜ ਵਿਖੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਵਲੋਂ ਬੀਤੀ ਰਾਤ ਭਰ ਭੁਲੱਥ- ਭੋਗਪੁਰ ਮੁੱਖ ਸੜਕ ’ਤੇ ਘੰਟਿਆਂ ਬੱਧੀ ਧਰਨਾ ਲਗਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੁੱਜੇ ਤੇ ਕਿਸਾਨਾਂ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ । ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਦੌਰਾਨ ਟ੍ਰੈਫ਼ਿਕ ਜਾਮ ਹੋ ਗਿਆ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨਾਂ ਨੇ ਦੋਸ਼ ਲਗਾਇਆ ਕਿ 17 ਫੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕੱਟ ਲਗਾ ਕੇ ਕੀਤੀ ਜਾ ਰਹੀ ਹੈ। ਜਿਸ ਵਿਚ ਕਿਸਾਨਾਂ ਕੋਲੋ ਝੋਨਾ ਵੱਧ ਲਿਆ ਜਾ ਰਿਹਾ ਹੈ। ਇਸ ਨਾਲ ਅਸੀਂ ਸਹਿਮਤ ਨਹੀਂ ਹਾਂ, ਕਿਉਂਕਿ ਸਰਕਾਰ ਦੀ ਪਾਲਿਸੀ ਅਨੁਸਾਰ 17 ਫੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕੀਤੀ ਜਾਣੀ ਹੈ ਅਤੇ 17 ਫੀਸਦੀ ਨਮੀ ਵਾਲੇ ਝੋਨੇ ’ਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਟ ਦੇਣ ਨੂੰ ਤਿਆਰ ਨਹੀਂ ਹਾਂ।