ਟਿੱਪਰ ਨੇ ਦਰੜਿਆ ਦਸਵੀਂ ਦਾ ਵਿਦਿਆਰਥੀ, ਮੌਕੇ ’ਤੇ ਮੌਤ
ਗੜ੍ਹਸ਼ੰਕਰ, 13 ਜੂਨ (ਧਾਲੀਵਾਲ)- ਗੜ੍ਹ੍ਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਦਿਨ ਚੜ੍ਹਦੇ ਸਾਰ ਹੀ ਮੰਦਭਾਗੀ ਘਟਨਾ ਵਾਪਰ ਗਈ। ਡਾ. ਅੰਬੇਡਕਰ ਨਗਰ ਗੜ੍ਹਸ਼ੰਕਰ ਦਾ ਵਸਨੀਕ ਅੰਕਿਤ ਕੁਮਾਰ (16) ਪੁੱਤਰ ਸੁਰੇਸ਼ ਕੁਮਾਰ ਜਦੋਂ ਆਪਣੀ ਸਾਈਕਲ ’ਤੇ ਸਵਾਰ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਚੱਲ ਰਹੇ ਫੁੱਟਬਾਲ ਦੇ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਜਾ ਰਿਹਾ ਸੀ ਤਾਂ ਪਿੱਛੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਆਏ ਟਿੱਪਰ ਨੇ ਅੰਕਿਤ ਕੁਮਾਰ ਨੂੰ ਦਰੜ ਦਿੱਤਾ ਤੇ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਅੰਕਿਤ ਕੁਮਾਰ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਜਿਸ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦਾ ਸਰੀਰ ਬੁਰੀ ਤਰ੍ਹ੍ਹਾਂ ਟਿੱਪਰ ਹੇਠ ਆਉਣ ਨਾਲ ਕੁਚਲਿਆ ਗਿਆ ਤੇ ਉਸ ਨੂੰ ਕੱਪੜੇ ’ਚ ਬੰਨ ਕੇ ਪੋਸਟ ਮਾਰਟਮ ਲਈ ਹਸਪਤਾਲ ਲਿਜਾਣਾ ਪਿਆ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।