ਸਰਪੰਚ ਲਈ ਨਾਮਜ਼ਦਗੀ ਕਾਗਜ ਦਾਖਲ ਨਾ ਕਰਵਾਉਣ ਤੋਂ ਭੜਕੇ ਲੋਕਾਂ ਨੇ ਕੀਤਾ ਚੱਕਾ ਜਾਮ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 4 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਬਲਾਕ ਸੁਨਾਮ ਊਧਮ ਸਿੰਘ ਵਾਲਾ ਦੀਆਂ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਨੇੜਲੇ ਪਿੰਡ ਮੈਦੇਵਾਸ ਦੇ ਸਰਪੰਚ ਚੋਣ ਦੀ ਲੜਨ ਦੇ ਚਾਹਵਾਨ ਇਕ ਵਿਅਕਤੀ ਵਲੋਂ ਆਪਣੇ ਸੈਂਕੜੇ ਸਮਰਥਕਾਂ ਨਾਲ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸਥਾਨਕ ਆਈ.ਟੀ.ਆਈ ਚੌਂਕ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਆਏ ਪਿੰਡ ਮੈਦੇਵਾਸ ਦੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਕਾਗਜ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸੰਬੰਧਿਤ ਅਧਿਕਾਰੀ ਉਸ ਨੂੰ ਵਾਪਸ ਮੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਵਲੋਂ ਇਹ ਇਤਰਾਜ ਲਗਾਇਆ ਜਾ ਰਿਹਾ ਹੈ ਕਿ ਉਸ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ, ਜਦੋਂ ਕਿ ਮੇਰੇ ਕੋਲ ਤਹਿਸੀਲਦਾਰ ਸੁਨਾਮ ਵਲੋਂ ਤਿਆਰ ਕੀਤੀ ਗਈ ਰਿਪੋਰਟ ਮੌਜੂਦ ਹੈ। ਜਿਸ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਮੇਰੇ ਵਲੋਂ ਕਿਸੇ ਵੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਗਿਆ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਰਿਪੋਰਟ ਨੂੰ ਮੰਨਣ ਤੋਂ ਆਨਾ-ਕਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਸ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰਵਾਏ ਜਾਂਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਜਦੋਂ ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਨਾਮ ਊਧਮ ਸਿੰਘ ਵਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਜੇਕਰ ਬਲਵਿੰਦਰ ਸਿੰਘ ਕੋਲ ਆਪਣੇ ਪੱਖ ਵਿਚ ਕੋਈ ਸਬੂਤ ਹਨ ਤਾਂ ਉਹ ਅਦਾਲਤ ਵਿਚ ਜਾ ਸਕਦਾ ਹੈ।