ਤੇਜ ਮੀਂਹ ਅਤੇ ਹਨ੍ਹੇਰੀ ਕਾਰਨ ਕਿਸਾਨਾਂ ਦੀ ਬਾਸਮਤੀ ਦੀ ਫ਼ਸਲ ਬੁਰੀ ਤਰ੍ਹਾਂ ਵਿਛੀ
ਓਠੀਆਂ, 6 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਸਰਹੱਦੀ ਕਸਬਾ ਕਸਬਾ ਭਿੰਡੀਸੈਦਾਂ ਅਤੇ ਓਠੀਆਂ ਦੇ ਨਾਲ ਲੱਗਦੇ ਪਿੰਡ ਈਸਾਪੁਰ ਜਸਤਰਵਾਲ, ਛੀਨਾ ਕਰਮ ਸਿੰਘ, ਮੁਹਾਰ ਈਸਾਪੁਰ ਬੋਹਲੀਆਂ, ਭਿੰਡੀ ਸੈਦਾਂ, ਖੁਸੂਪੁਰਾ ਤੱਲੇ, ਜਜੇ, ਆਲਮਪੁਰਾ ਅਤੇ ਹੋਰ ਸਰਹੱਦੀ ਪਿੰਡਾਂ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ । ਪਿੰਡ ਮੁਹਾਰ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਸੁਖਦੇਵ ਸਿੰਘ ਮੁਹਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕਿਸਾਨਾਂ ਵਲੋਂ ਜ਼ਮੀਨਾ ਠੇਕੇ 'ਤੇ ਲੈ ਕੇ ਮਹਿੰਗੇ ਮੁੱਲ ਦੀਆਂ ਦਵਾਈਆਂ ਅਤੇ ਖਾਦਾਂ ਪਾ ਕੇ ਪੁੱਤਾਂ ਵਾਂਗ ਪਾਲੀ ਬਾਸਮਤੀ ਦੀ ਫ਼ਲ ਬੁਰੀ ਤਰ੍ਹਾਂ ਵਿਛ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ।