ਭਾਰਤ ਚੀਨ ਸਰਹੱਦ ’ਤੇ ਫ਼ੌਜਾਂ ਨੇ ਗਸ਼ਤ ਕੀਤੀ ਸ਼ੁਰੂ
ਲੱਦਾਖ, 1 ਨਵੰਬਰ- ਭਾਰਤੀ ਫੌਜ ਨੇ ਪੂਰਬੀ ਲੱਦਾਖ ’ਚ ਭਾਰਤ-ਚੀਨ ਸਰਹੱਦ ’ਤੇ ਅੱਜ ਤੋਂ ਗਸ਼ਤ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਡੈਮਚੋਕ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਜਲਦੀ ਹੀ ਡਿਪਸਾਂਗ ਵਿਖੇ ਗਸ਼ਤ ਸ਼ੁਰੂ ਕਰ ਦਿੱਤੀ ਜਾਵੇਗੀ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਇਨ੍ਹਾਂ ਦੋਵਾਂ ਖੇਤਰਾਂ ਤੋਂ ਪਿੱਛੇ ਹਟਣ ਦਾ ਸਮਝੌਤਾ ਹੋਇਆ ਸੀ। ਡੀਸਕੇਲੇਸ਼ਨ ਦੀ ਪ੍ਰਕਿਰਿਆ 30 ਅਕਤੂਬਰ ਨੂੰ ਪੂਰੀ ਹੋ ਗਈ ਸੀ। ਕੱਲ੍ਹ, ਦੀਵਾਲੀ ਦੇ ਮੌਕੇ ’ਤੇ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਪੂਰਬੀ ਲੱਦਾਖ ਦੇ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਵਿਖੇ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਇਕ-ਦੂਜੇ ਨੂੰ ਮਠਿਆਈਆਂ ਦੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਸਨ। ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਬੁਮਲਾ ਦੱਰੇ ’ਤੇ ਚੀਨੀ ਸੈਨਿਕਾਂ ਨਾਲ ਗੱਲਬਾਤ ਕੀਤੀ। ਰਿਜਿਜੂ ਨੇ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ।