ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿਵਾਲੀ ਦੇ ਤਿਉਹਾਰ ਮੌਕੇ ਕੀਤੀ ਨਵੀਂ ਪਹਿਲ ਕਦਮੀ , ਡਰੈਗਨ ਫਰੂਟ ਤੋਹਫੇ ਵਜੋਂ ਵੰਡੇ
ਸੰਗਰੂਰ ,1 ਨਵੰਬਰ (ਧੀਰਜ ਪਸ਼ੋਰੀਆ )- ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿਵਾਲੀ ਦੇ ਤਿਉਹਾਰ ਮੌਕੇ ਇਕ ਨਵੀਂ ਪਹਿਲ ਕਦਮੀ ਕਰਦਿਆਂ ਆਪਣੇ ਹਲਕੇ ਦਿੜ੍ਹਬਾ ਦੇ ਕਿਸਾਨ ਵਲੋਂ ਉਗਾਏ ਜਾ ਰਹੇ ਡਰੈਗਨ ਫਰੂਟ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਤੋਹਫੇ ਵਜੋਂ ਵੰਡੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਦੀ ਰਵਾਇਤੀ ਖੇਤੀ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਇਹ ਉਨ੍ਹਾਂ ਦੀ ਇਕ ਨਿੱਕੀ ਜਿਹੀ ਪਹਿਲ ਸੀ। ਚੀਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿੜਬਾ ਦੇ ਪਿੰਡ ਰੋਗਲਾ ਦੇ ਕਿਸਾਨ ਬਲਵਿੰਦਰ ਸਿੰਘ ਵਲੋਂ ਬੜੀ ਹੀ ਸਖ਼ਤ ਮਿਹਨਤ ਨਾਲ ਉਗਾਏ ਗਏ ਡਰੈਗਨ ਫਰੂਟ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗਰੀਆ ਅਤੇ ਆਪ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨੂੰ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਫ਼ਸਲੀ ਵਿਭਿੰਨਤਾ ਨਾਲ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ ਉੱਥੇ ਹੀ ਕਿਸਾਨਾਂ ਤੋਂ ਅਜਿਹੇ ਉਤਪਾਦ ਖ਼ਰੀਦ ਕੇ ਅਸੀਂ ਉਨ੍ਹਾਂ ਦੇ ਕੰਮ ਨੂੰ ਥਾਪੜਾ ਦੇ ਸਕਦੇ ਹਾਂ।