ਧਾਰਮਿਕ ਸਲਾਹਕਾਰ ਬੋਰਡ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੀ ਕੰਮ ਕਰੇਗਾ : ਐਡਵੋਕੇਟ ਧਾਮੀ
ਅੰਮ੍ਰਿਤਸਰ,1 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਦਿਨੀਂ ਜਨਰਲ ਹਾਊਸ ਵਿਚ ਪਾਸ ਮਤੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ 11 ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਦੇ ਗਠਨ ਸੰਬੰਧੀ ਸਪਸ਼ਟ ਕਰਦਿਆਂ ਕਿਹਾ ਕਿ ਇਹ ਸਲਾਹਕਾਰ ਬੋਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੀ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜ ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਪਹਿਲਾਂ ਹੀ ਕੰਮ ਕਰਨ ਕਰ ਰਿਹਾ ਹੈ ਤੇ ਹੁਣ ਇਸ ਦੇ ਮੈਂਬਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬੋਰਡ ਦੇ ਬਾਕੀ ਮੈਂਬਰਾਂ ਦੇ ਨਾਵਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਮੌਕੇ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰ ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ,ਡਾਕਟਰ ਅਮਰਜੀਤ ਸਿੰਘ ਸਕੱਤਰ ਪ੍ਰਤਾਪ ਸਿੰਘ ,ਅਜੈਬ ਸਿੰਘ ਅਭਿਆਸੀ ਤੇ ਹਰਭਜਨ ਸਿੰਘ ਭਗਤਾ ਆਦਿ ਵੀ ਹਾਜ਼ਰ ਸਨ।