2027 ਵਿਚ ਪੰਜਾਬ ’ਚ ਆਵੇਗੀ ਭਾਜਪਾ ਸਰਕਾਰ- ਰਵਨੀਤ ਸਿੰਘ ਬਿੱਟੂ
ਜਲੰਧਰ, 10 ਅਕਤੂਬਰ- ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜਲੰਧਰ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਬਾਅਦ ਹੁਣ ਪੰਜਾਬ ਵਿਚ ਭਾਜਪਾ ਆਉਣ ਦੀ ਤਿਆਰੀ ਵਿਚ ਹੈ ਤੇ 2027 ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿਚ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਅੱਜ ਭਾਜਪਾ ਨੇਤਾਵਾਂ ਨਾਲ ਚਰਚਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ, ਅਕਾਲੀ ਤੇ ਆਪ ਨੂੰ ਸੱਤਾ ਵਿਚ ਲਿਆ ਕੇ ਪਛਤਾ ਰਹੇ ਹਨ ਤੇ ਹੁਣ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿਚ ਲਿਆਉਣਾ ਚਾਹੁੰਦੇ ਹਨ। ਬਿੱਟੂ ਨੇ ਕਾਂਗਰਸ ਪਾਰਟੀ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਕੇਂਦਰ ਦੀ ਸਰਕਾਰ ’ਤੇ ਸਵਾਲ ਚੁੱਕਦੇ ਹਨ ਤੇ ਆਪ ਧੜੇਬੰਦੀਆਂ ਵਿਚ ਵੰਡੇ ਹੋਏ ਹਨ। ਜੰਮੂ ਕਸ਼ਮੀਰ ਵਿਚ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਥੇ ਉਨ੍ਹਾਂ ਨੇ ਸਿਰਫ਼ 6 ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਨੇ 32 ਸੀਟਾਂ ’ਤੇ ਚੋਣ ਲੜੀ ਸੀ। ਕਿਸਾਨਾਂ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਲੀਡਰ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਹਰਿਆਣਾ ਦੀਆਂ ਸਰਹੱਦਾਂ ’ਤੇ ਕਿਸਾਨ ਲੀਡਰ ਧਰਨਾ ਲਾਈ ਬੈਠੇ ਹਨ ਪਰ ਇਨ੍ਹਾਂ ਨੂੰ ਵੋਟ ਕਿਸੇ ਇਕ ਨੇ ਵੀ ਨਹੀਂ ਪਾਈ।