ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਵਲੋਂ ਜ਼ਲੀਲ ਕਰਨ ’ਤੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਸ਼ਾਹਕੋਟ, 19 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬੁੱਢਣਵਾਲ ’ਚ ਇਕ ਨੌਜਵਾਨ ਨੇ ਸ਼ਾਹਕੋਟ ਥਾਣੇ ਦੇ ਪੁਲਿਸ ਮੁਲਾਜ਼ਮਾਂ ਵਲੋਂ ਨਾਜਾਇਜ਼ ਤੌਰ ’ਤੇ ਕੁੱਟਮਾਰ ਤੇ ਜ਼ਲੀਲ ਕਰਨ ’ਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ’ਚ ਇਕ ਵੀਡੀਓ ਬਣਾਈ ਸੀ, ਜਿਸ ’ਚ ਉਹ ਖ਼ੁਦ ਕਹਿ ਰਿਹਾ ਹੈ ਕਿ ਉਸ ਨੇ ਪੁਲਿਸ ਮੁਲਾਜ਼ਮਾਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਖੌਂਫ਼ਨਾਕ ਕਦਮ ਚੁੱਕਿਆ ਹੈ। ਜਾਣਕਾਰੀ ਦਿੰਦੇ ਹੋਏ ਮਿ੍ਰਤਕ ਨੌਜਵਾਨ ਦੇ ਪਿਤਾ ਕੇਵਲ ਕ੍ਰਿਸ਼ਨ ਵਾਸੀ ਪਿੰਡ ਬੁੱਢਣਵਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਵਿੰਦਰ ਸਿੰਘ (29 ਸਾਲ) ਬੀਤੇ ਦਿਨੀਂ ਆਪਣੇ ਪਿੰਡ ਦੇ ਇਕ ਕਰੀਬੀ ਦੋਸਤ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ, ਦੇ ਘਰ ’ਚ ਗਿਆ ਸੀ। ਇਸ ਦੌਰਾਨ ਘਰ ’ਚ ਉਸ ਦੇ ਦੋਸਤ ਤੇ ਦੋਸਤ ਦੀ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ। ਉਸ ਦੇ ਪੁੱਤਰ ਨੇ ਝਗੜੇ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ। ਇੰਨੀ ਗੱਲ ਨੂੰ ਲੈ ਕੇ ਉਸ ਦੇ ਦੋਸਤ ਦੀ ਪਤਨੀ ਨੇ ਉਸ ਦੇ ਪੁੱਤਰ ਖ਼ਿਲਾਫ਼ ਸ਼ਾਹਕੋਟ ਥਾਣੇ ਵਿਚ ਦਰਖ਼ਾਸਤ ਦੇ ਦਿੱਤੀ। ਉੁਨ੍ਹਾਂ ਦੱਸਿਆ ਕਿ ਦਰਖ਼ਾਸਤ ਦੇ ਆਧਾਰ ’ਤੇ ਸ਼ਾਹਕੋਟ ਥਾਣੇ ਦੇ ਮੁਲਾਜ਼ਮ ਉਸ ਦੇ ਪੁੱਤਰ ਨੂੰ ਸ਼ਾਹਕੋਟ ਥਾਣੇ ਲੈ ਆਏ ਤੇ ਉਸ ਦੀ ਕੁੱਟਮਾਰ ਕੀਤੀ। ਬਾਅਦ ’ਚ ਮੈਂ, ਮੇਰੀ ਪਤਨੀ ਤੇ ਪਿੰਡ ਦੀ ਪੰਚਾਇਤ ਇਸ ਨੂੰ ਬੇਕਸੂਰ ਦੱਸਦੇ ਹੋਏ ਥਾਣੇ ’ਚੋਂ ਛੁਡਵਾ ਕੇ ਲੈ ਆਏ। ਅਗਲੇ ਦਿਨ ਮੁੁੜ ਥਾਣੇ ’ਚੋਂ ਕਿਸੇ ਪੁਲਿਸ ਮੁਲਾਜ਼ਮ ਨੇ ਉਸ ਦੇ ਪੁੱਤਰ ਨੂੰ ਫੋਨ ’ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਪਰਚੇ ਦੀ ਧਮਕੀ ਦੇ ਡਰ ਤੋਂ ਉਸ ਦਾ ਪੁੱਤਰ ਥਾਣੇ ਪਹੁੰਚ ਗਿਆ। ਪੁਲਿਸ ਮੁਲਾਜ਼ਮਾਂ ਵਲੋਂ ਮੁੜ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ। ਇਸ ਗੱਲ ਤੋਂ ਦੁੱਖੀ ਹੋ ਕੇ ਉਸ ਨੇ ਛੱਤ ਦੇ ਗਾਡਰ ਨਾਲ ਸਾਫ਼ਾ ਬੰਨ੍ਹ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਕਬੱਡੀ ਖਿਡਾਰੀ ਸੀ ਤੇ ਉਹ ਕਰੀਬ ਇਕ ਸਾਲ ਪਹਿਲਾਂ ਹੀ ਦੋਹਾ ਕਤਰ ਤੋਂ ਆਇਆ ਸੀ। ਜ਼ਿਕਰਯੋਗ ਹੈ ਕਿ ਨੌਜਵਾਨ ਵੀਡੀਓ ’ਚ ਇਹ ਵੀ ਕਹਿ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਵਲੋਂ ਉਸ ਦੇ ਮੋਬਾਈਲ ਦੇ ਕਵਰ ’ਚ ਪਏ ਦੋ ਹਜ਼ਾਰ ਰੁਪਏ ਵੀ ਕੱਢ ਲਏ ਗਏ ਤੇ ਉਸ ਲੜਕੀ ਵਲੋਂ ਦਿੱਤੀ ਗਈ ਦਰਖ਼ਾਸਤ ’ਚ ਲਗਾਏ ਗਏ ਦੋਸ਼ ਵੀ ਝੂਠੇ ਤੇ ਬੇਬੁਨਿਆਦ ਹਨ। ਵਾਪਰੀ ਘਟਨਾ ਦਾ ਪਤਾ ਲੱਗਣ ’ਤੇ ਐੱਸ.ਐੱਚ.ਓ ਸ਼ਾਹਕੋਟ ਅਮਨ ਸੈਣੀ ਤੇ ਏ.ਐੱਸ.ਆਈ ਸਰਵਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਘਟਨਾ ਸੰਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਿ੍ਰਤਕ ਨੌਜਵਾਨ ਗੁਰਵਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।