ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
ਕਪੂਰਥਲਾ, 13 ਸਤੰਬਰ (ਅਮਨਜੋਤ ਸਿੰਘ ਵਾਲੀਆ)- ਕਰਤਾਰਪੁਰ ਰੋਡ ’ਤੇ ਦਬੁਰਜੀ ਪਿੰਡ ਨੇੜੇ ਅੱਜ ਦੁਪਹਿਰ ਸਮੇਂ ਮੋਟਰਸਾਈਕਲ ਤੇ ਪਿੱਕਅਪ ਗੱਡੀ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿ੍ਰਤਕ ਨੌਜਵਾਨ ਦੀ ਪਛਾਣ ਮਨੀ ਪੁੱਤਰ ਸੁਰਜੀਤ ਵਾਸੀ ਦਬੁਰਜੀ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨੌਜਵਾਨ ਵਿੱਕੀ ਪੁੱਤਰ ਅਸ਼ੋਕ ਕੁਮਾਰ ਤੇ ਬੋਬੀ ਪੁੱਤਰ ਭੁੱਲਾ ਵਾਸੀਆਨ ਦਬੁਰਜੀ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਲੇਬਰ ਦਾ ਕੰਮ ਕਰਦੇ ਹਨ ਤੇ ਦੁਪਹਿਰ ਦੀ ਰੋਟੀ ਖਾ ਕੰਮ ’ਤੇ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਕਈ ਵਾਰ ਫੋਨ ਕਰਨ ’ਤੇ ਇਕ ਘੰਟੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਮੌਕੇ ’ਤੇ ਨਹੀਂ ਪੁੱਜੀ, ਜਿਸ ਕਾਰਨ ਸੜਕ ’ਤੇ ਦੋਹਾਂ ਪਾਸੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਾਫੀ ਦੇਰ ਬਾਅਦ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।