JALANDHAR WEATHER

ਪ੍ਰਾਈਵੇਟ ਸਕੂਲ ਦੇ ਮਾਲਕ 'ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ

ਮਾਛੀਵਾੜਾ ਸਾਹਿਬ , 30 ਸਤੰਬਰ ( ਜੀ.ਐੱਸ.ਚੌਹਾਨ ) - ਅੱਜ ਮਾਛੀਵਾੜਾ ਸਾਹਿਬ ਦੇ ਗੜ੍ਹੀ ਪੁਲ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੇ ਮਾਲਕ 'ਤੇ ਦੋ ਅਣਪਛਾਤਿਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਦੌਰਾਨ ਪਤਾ ਲੱਗਾ ਕਿ ਗੁਰੂ ਗੜ੍ਹ ਨਜ਼ਦੀਕ ਗਾਰਡਨ ਵੈਲੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ ਅਤੇ ਉਸ ਦਾ ਪੁੱਤਰ ਫਾਰਚੂਨਰ ਗੱਡੀ ਵਿਚ ਸਕੂਲ ਤੋਂ ਆਪਣੇ ਘਰ ਚੰਡੀਗੜ੍ਹ ਨੂੰ ਵਾਪਸ ਜਾ ਰਹੇ ਸਨ ਤਾਂ ਗੜ੍ਹੀ ਪੁਲ ਨਜ਼ਦੀਕ ਉਨ੍ਹਾਂ ਦਾ ਪਿੱਛਾ ਕਰ ਰਹੀ ਇਕ ਕਾਰ 'ਚ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਫਾਇਰਿੰਗ ਕੀਤੀ ਗਈ। ਗੋਲੀ ਚੱਲਣ ਮੌਕੇ ਬਲਦੇਵ ਸਿੰਘ ਆਪਣੇ ਫੋਨ 'ਤੇ ਕਿਸੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਸ ਗੋਲੀ ਦਾ ਹਿੱਸਾ ਉਨ੍ਹਾਂ ਦੀ ਗਰਦਨ ਨੂੰ ਛੂਹ ਕੇ ਲੰਘ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ 'ਤੇ ਫਾਇਰਿੰਗ ਕਰਨ ਵਾਲੇ ਹਮਲਾਵਰ ਆਪਣੀ ਗੱਡੀ ਭਜਾ ਕੇ ਉਥੋਂ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਬਲਦੇਵ ਸਿੰਘ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਸ ਦੌਰਾਨ ਉਨ੍ਹਾਂ ਦਾ ਬਣਦਾ ਇਲਾਜ ਕਰਨ ਉਪਰੰਤ ਉਨ੍ਹਾਂ ਨੂੰ 32 ਸੈਕਟਰ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਮੌਕੇ ( ਐਸ.ਪੀ.ਡੀ. ) ਸੌਰਵ ਜਿੰਦਲ ਅਤੇ ( ਡੀ.ਐੱਸ.ਪੀ. ) ਸਮਰਾਲਾ ਤਰਲੋਚਨ ਸਿੰਘ ਮੌਕੇ 'ਤੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮਲਾਵਰਾਂ ਵਲੋਂ ਇਕ ਫਾਇਰ ਕੀਤਾ ਗਿਆ ਹੈ ਜਿਸ ਕਾਰਨ ਬਲਦੇਵ ਸਿੰਘ ਦੇ ਸਰੀਰ ਨੂੰ ਗੋਲੀ ਟੱਚ ਹੋਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ । ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਬਹੁਤ ਜਲਦ ਕਾਬੂ ਕੀਤਾ ਜਾਵੇਗਾ । ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ (ਐੱਸ. ਐੱਸ. ਪੀ. ) ਅਸ਼ਵਨੀ ਗੋਟਿਆਲ ਵੀ ਮੌਕੇ 'ਤੇ ਜਾਇਜ਼ਾ ਲੈਣ ਪੁੱਜੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ